ਚੰਡੀਗੜ੍ਹ, 26 ਅਕਤੂਬਰ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਬਣਾਈ ਐਨੀਮੇਸ਼ਨ ਫਿਲਮ ਦਸਤਾਨ-ਏ-ਸਰਹਿੰਦ (Dastan-e-Sirhind) ਨੂੰ ਰਿਲੀਜ਼ ਕਰਨ ਦਾ ਵਿਰੋਧ ਕੀਤਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਦਾਸਤਾਨ-ਏ-ਸਰਹਿੰਦ ਫ਼ਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੇ 3 ਨਵੰਬਰ ਨੂੰ ਜਾਰੀ ਹੋਣ ਬਾਰੇ ਲਗਾਏ ਜਾ ਰਹੇ ਬੋਰਡਾਂ ਲਈ ਫ਼ਿਲਮ ਦੇ ਪ੍ਰਬੰਧਕ ਹੀ ਜਵਾਬਦੇਹ ਹਨ।
ਉਨ੍ਹਾਂ ਕਿਹਾ ਸੰਗਤ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਅਤੇ ਫ਼ਿਲਮ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੀ ਫ਼ਿਲਮ ਸਬੰਧੀ ਕੋਈ ਫੈਸਲਾ ਲੈਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮਤੇ ਰਾਹੀਂ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਫਿਲਮਾਂਕਣ ‘ਤੇ ਰੋਕ ਲਗਾਈ ਹੋਈ ਹੈ।