5 ਨਵੰਬਰ 2024: ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਥਿਤ ਮਾੜੇ ਖਰੀਦ ਪ੍ਰਬੰਧਾਂ ਅਤੇ ਕਣਕ ਦੀ ਬਿਜਾਈ ਲਈ ਲੋੜੀਂਦੀ DAP ਖਾਦ ਮੁਹਈਆ ਨਾ ਹੋਣ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਜਿੱਥੇ ਪੂਰੇ ਪੰਜਾਬ ਵਿਚ ਸਬ ਡਵੀਜਨ ਪੱਧਰ ਤੇ SDM ਦਫਤਰਾਂ ਦੇ ਬਾਹਰ ਧਰਨਾਂ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਵੀ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ (MLA Mantar Singh Brar) ਦੀ ਅਗਵਾਈ ਹੇਠ SDM ਦਫਤਰ ਕੋਟਕਪੂਰਾ (Kotakpura) ਵਿਖੇ ਰੋਸ ਧਰਨਾਂ ਦਿੱਤਾ ਗਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਦਾ ਰੋਸ ਪ੍ਰਦਰਸ਼ਨ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਹੋ ਰਹੀ ਕਿਸਾਨਾਂ ਦੀ ਖੱਜਲ ਖੁਆਰੀ ਅਤੇ DAP ਖਾਦ ਨਾ ਮਿਲਣ ਦੇ ਵਿਰੁੱਧ ਵਿਚ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜਾਣ ਬੁਝ ਕੇ ਪ੍ਰੇਸ਼ਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕਣਕ ਦੀ ਬਿਜਾਈ ਲਈ ਪੰਜਾਬ ਭਰ ਵਿਚ ਕਿਸਾਨਾਂ ਨੂੰ 5.5 ਲੱਖ ਮੀਟਰਕ ਟਨ DAP ਖਾਦ ਦੀ ਲੋੜ ਹੈ ਪਰ ਸਰਕਾਰ ਹਾਲੇ ਤੱਕ ਸਿਰਫ 2.76 ਲੱਖ ਮੀਟਰਕ ਟਨ DAP ਹੀ ਉਪਲਬਧ ਕਰਵਾ ਸਕੀ ਹੈ।