Abohar

SDM ਨੇ ਅਬੋਹਰ ਦੇ ਸਰਕਾਰੀ ਮਾਡਲ ਹਾਈ ਸਕੂਲ ‘ਚ ਪਹੁੰਚ ਕੇ ਨੌਜਵਾਨਾਂ ਨੂੰ ਵੋਟਾਂ ਦੀ ਮਹੱਤਤਾ ਤੋਂ ਕਰਵਾਇਆ ਜਾਣੂੰ

ਅਬੋਹਰ/ਫਾਜ਼ਿਲਕਾ 7 ਮਈ 2024: ਲੋਕ ਸਭਾ ਚੋਣਾਂ-2024 ਨੂੰ ਮੱਦੇਨਜ਼ਰ ਰੱਖਦਿਆਂ ਹੇਠ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਮਾਡਲ ਹਾਈ ਸਕੂਲ ਅਬੋਹਰ (Abohar) ਵਿੱਚ ਨੁੱਕੜ ਨਾਟਕ ਕਰਵਾਇਆ ਗਿਆ। ਜਿਸ ਵਿੱਚ ਐਸ.ਡੀ.ਐਮ ਪੰਕਜ ਕੁਮਾਰ ਬਾਂਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਐੱਸ.ਡੀ.ਐੱਮ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫਸਰ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਸਵੀਪ ਗਤੀਵਿਧੀਆਂ ਚੱਲ ਰਹੀਆਂ ਹਨ। ਜਿਸ ਦੇ ਤਹਿਤ ਹੀ ਸਰਕਾਰੀ ਮਾਡਲ ਹਾਈ ਸਕੂਲ ਅਬੋਹਰ (Abohar) ਵਿੱਚ ਨੁੱਕੜ ਨਾਟਕ ਕਰਵਾਇਆ ਗਿਆ ਹੈ। ਉਨ੍ਹਾਂ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਬੱਚਿਆਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਇਸ ਨਾਟਕ ਨੂੰ ਤਿਆਰ ਕੀਤਾ ਹੈ ਜੋ ਕਿ ਕਾਫੀ ਸਲਾਹੁਣਯੋਗ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ 1 ਜੂਨ 2024 ਨੂੰ ਹੋਣ ਵਾਲੀਆ ਲੋਕ ਸਭਾ ਚੋਣਾਂ ਵਿਚ ਆਪਣੀ ਵੋਟ ਦੀ ਵਰਤੋਂ ਧਰਮ, ਜਾਤੀ,ਭਾਈਚਾਰੇ,ਭਾਸ਼ਾ ਜਾਂ ਕਿਸੇ ਵੀ ਹੋਰ ਲਾਲਚ ਤੋਂ ਬਗੈਰ ਸੁਤੰਤਰ ਅਤੇ ਨਿਰਪੱਖ ਹੋ ਕੇ ਕਰਨ। ਉਨ੍ਹਾਂ ਕਿਹਾ ਕਿ ਇਸ ਨਾਟਕ ਰਾਹੀਂ ਵੋਟਾਂ ਦੀ ਅਹਿਮੀਅਤ ਬਾਰੇ ਤੇ ਨਾਲ ਹੀ ਅਸੀਂ ਕਿਸ ਤਰ੍ਹਾਂ ਇੱਕ ਵਧੀਆ ਸਰਕਾਰ ਦੀ ਚੋਣ ਕਰਕੇ ਆਪਣੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਸਕਦੇ ਹਾਂ ਬਾਰੇ ਸਮੂਹ ਹਾਜ਼ਰੀਨ ਨੂੰ ਕਾਫੀ ਗਿਆਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨਾਟਕ ਨੂੰ ਜ਼ਿਲ੍ਹਾ ਪੱਧਰ ਲੈਵਲ ਉੱਤੇ ਕਰਵਾਇਆ ਜਾਵੇਗਾ।

ਇਸ ਮੌਕੇ ਬੀ.ਪੀ.ਓ ਕਮ-ਨੋਡਲ ਅਫਸਰ ਸਵੀਪ ਅਜੈ ਛਾਬੜਾ,ਬੀ.ਪੀ. ਓ ਭਾਲਾ ਰਾਮ, ਸੁਰਿੰਦਰ ਨਾਗਪਾਲ, ਰਾਜ ਕੁਮਾਰ, ਰਜਿੰਦਰਪਾਲ ਸਿੰਘ, ਦੀਪਕ ਕੰਬੋਜ, ਸੁਰਿੰਦਰ ਕੰਬੋਜ, ਕਰਨ ਕੁਮਾਰ,ਰਾਕੇਸ਼ ਕੁਮਾਰ ਗਿਰਧਰ ਸਮੇਤ ਸਕੂਲੀ ਬੱਚੇ ਅਤੇ ਸਕੂਲੀ ਸਟਾਫ ਵੀ ਮੌਜੂਦ ਸੀ।

Scroll to Top