ਚੰਡੀਗੜ੍ਹ, 24 ਜੂਨ 2023: ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਯੁੱਧ ਵਿੱਚ ਰੂਸ ਲਈ ਢਾਲ ਵਜੋਂ ਕੰਮ ਕਰ ਰਹੇ ਵੈਗਨਰ ਗਰੁੱਪ (Wagner Group) ਨੇ ਰੂਸੀ ਸਰਕਾਰ ਵਿਰੁੱਧ ਬਗਾਵਤ ਕਰ ਦਿੱਤੀ ਹੈ। ਵੈਗਨਰ ਗਰੁੱਪ ਜਿਸ ਨੂੰ ਪੀਐਮਸੀ ਵੈਗਨਰ ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ ਪਹਿਲੀ ਵਾਰ ਪੂਰਬੀ ਯੂਕਰੇਨ ਵਿੱਚ 2014 ਦੇ ਸੰਘਰਸ਼ ਦੌਰਾਨ ਦੁਨੀਆ ਵਿੱਚ ਪਛਾਣ ਮਿਲੀ |
ਯੂਕਰੇਨ ਯੁੱਧ ਦੌਰਾਨ ਰੂਸੀ ਫੌਜ ਵੈਗਨਰ ਗਰੁੱਪ ਦੀ ਮਦਦ ਨਾਲ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰਨ ‘ਚ ਸਫਲ ਰਹੀ। ਦੱਸਿਆ ਜਾ ਰਿਹਾ ਹੈ ਕਿ ਵੈਗਨਰ ਇਸ ਗੱਲ ਤੋਂ ਨਰਾਜ਼ ਹੈ ਕਿ ਰੂਸੀ ਰੱਖਿਆ ਮੰਤਰਾਲੇ ਨੇ ਬਖਮੁਤ ‘ਤੇ ਕਬਜ਼ਾ ਕਰਨ ਲਈ ਲੋੜੀਂਦੇ ਹਥਿਆਰ ਨਹੀਂ ਦਿੱਤੇ ਅਤੇ ਸੈਨਿਕਾਂ ਨੂੰ ਵਾਪਸ ਬੁਲਾਉਣ ਦ ਧਮਕੀ ਦਿੱਤੀ, ਵੈਗਨਰ ਗਰੁੱਪ ਦਾ ਦੋਸ਼ ਹੈ ਕਿ ਰੂਸੀ ਰੱਖਿਆ ਮੰਤਰਾਲਾ ਵੈਗਨਰ ਦੇ ਗੌਰਵ ਨੂੰ ਖੋਹਣਾ ਚਾਹੁੰਦਾ ਹੈ |
ਅੱਜ ਇਸ ਗਰੁੱਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ, ਵੈਗਨਰ ਪ੍ਰਾਈਵੇਟ ਮੇਜਰ ਯੇਵਗੇਨੀ ਪ੍ਰਿਗੋਝਿਨ ਨੇ ਰੂਸੀ ਫੌਜੀ ਲੀਡਰਸ਼ਿਪ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਮਾਸਕੋ ਵੱਲ ਵਧਣ ਦਾ ਫੈਸਲਾ ਕੀਤਾ |
ਇਸ ਦੌਰਾਨ, ਰੂਸੀ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਵੈਗਨਰ ਗਰੁੱਪ (Wagner Group) ਨੂੰ ਮਾਸਕੋ ਵੱਲ ਅੱਗੇ ਨਾ ਵਧਣ ਅਤੇ ਉਨ੍ਹਾਂ ਥਾਵਾਂ ‘ਤੇ ਵਾਪਸ ਜਾਣ ਦੀ ਅਪੀਲ ਕੀਤੀ ਹੈ ਜਿੱਥੇ ਉਹ ਪਹਿਲਾਂ ਤਾਇਨਾਤ ਸਨ। ਇਸ ਤੋਂ ਪਹਿਲਾਂ ਵੈਗਨਰ ਸਮੂਹ ਦੇ ਮੁਖੀ, ਯੇਵਗੇਨੀ ਪ੍ਰਿਗੋਝਿਨ ਨੇ ਦਾਅਵਾ ਕੀਤਾ ਸੀ ਕਿ ਗਰੁੱਪ ਰੂਸ ਦੇ ਦੋ ਸ਼ਹਿਰਾਂ ਵਿੱਚ ਫੌਜੀ ਸਹੂਲਤਾਂ ਨੂੰ ਨਿਯੰਤਰਿਤ ਕਰਦਾ ਹੈ।
ਰੂਸੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਯੇਵਗੇਨੀ ਪ੍ਰਿਗੋਝਿਨ ਨੂੰ ਕਿਹਾ ਗਿਆ ਕਿ ਤੁਹਾਡੇ ਗਰੁੱਪ ਦੇ ਕਈ ਸੈਨਿਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਉਹ ਆਪਣੇ ਠਿਕਾਣਿਆਂ ‘ਤੇ ਪਰਤਣ ਲਈ ਮਦਦ ਦੀ ਮੰਗ ਕਰ ਰਹੇ ਹਨ। ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਵੈਗਨਰ ਗਰੁੱਪ ਦੇ ਸਾਰੇ ਸੈਨਿਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜੋ ਆਪਣੇ ਸਥਾਈ ਟਿਕਾਣਿਆਂ ‘ਤੇ ਵਾਪਸ ਜਾਣਾ ਚਾਹੁੰਦੇ ਹਨ। ਮੰਤਰਾਲੇ ਨੇ ਅੱਗੇ ਕਿਹਾ ਕਿ ਅਸੀਂ ਹਰ ਕਿਸੇ ਦੀ ਸੁਰੱਖਿਆ ਦੀ ਗਰੰਟੀ ਦੇਣ ਲਈ ਤਿਆਰ ਹਾਂ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਦਰੋਹ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੱਛਮ ਦੀ ਪੂਰੀ ਫੌਜੀ, ਆਰਥਿਕ ਅਤੇ ਸੂਚਨਾ ਮਸ਼ੀਨਰੀ ਸਾਡੇ ਖਿਲਾਫ ਜੰਗ ਛੇੜ ਰਹੀ ਹੈ। ਅਜਿਹੇ ਸਮੇਂ ਵਿੱਚ ਇੱਕ ਹਥਿਆਰਬੰਦ ਬਗਾਵਤ ਰੂਸ ਅਤੇ ਇਸਦੇ ਲੋਕਾਂ ਲਈ ਇੱਕ ਝਟਕਾ ਹੈ।