National digital platforms

ਸ਼ਾਸਨਿਕ ਸੇਵਾਵਾਂ ਨੂੰ ਵਧੀਆਂ ਬਣਾਉਣ ‘ਚ ਕੌਮੀ ਡਿਜੀਟਲ ਪਲੇਟਫਾਰਮਾਂ ਦੀ ਭੂਮਿਕਾ ਅਹਿਮ: ਪ੍ਰਮੁੱਖ ਸਕੱਤਰ ਨੀਲਕੰਠ

ਚੰਡੀਗੜ੍ਹ, 23 ਅਕਤੂਬਰ 2024: ਮਗਸੀਪਾ ਵਿਖੇ ਕੋਲੈਬ-ਫਾਈਲਜ਼ (CollabFiles), ਈ-ਟਾਲ ( eTAAL) ਅਤੇ ਗੋਵ.ਇਨ (Gov.in) ਸੁਰੱਖਿਅਤ ਇੰਟਰਾਨੈੱਟ ਵੈੱਬ ਪੋਰਟਲ ਬਾਰੇ ਇੱਕ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ, ਨੀਲਕੰਠ ਐਸ. ਆਵਾੜ੍ਹ ਨੇ ਕਿਹਾ ਕਿ ਰਾਸ਼ਟਰੀ ਡਿਜੀਟਲ ਪਲੇਟਫਾਰਮ (National digital platforms) ਨੀਤੀਆਂ ਅਤੇ ਸੇਵਾਵਾਂ ਨੂੰ ਵਧੇਰੇ ਜਵਾਬਦੇਹ ਬਣਾਉਣ ਦੇ ਨਾਲ-ਨਾਲ ਕੁਸ਼ਲ, ਪਾਰਦਰਸ਼ੀ ਅਤੇ ਸੁਰੱਖਿਅਤ ਪ੍ਰਣਾਲੀਆਂ ਰਾਹੀਂ ਪ੍ਰਸ਼ਾਸਨਿਕ ਸੇਵਾਵਾਂ ਨੂੰ ਬਿਹਤਰ ਬਣਾਉਣ ਦੁਆਰਾ ਡਾਟਾ-ਅਧਾਰਿਤ ਫੈਸਲੇ ਲੈਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਹ ਵਰਕਸ਼ਾਪ ਮਗਸੀਪਾ ਵਿਖੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (NIC) ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ (DGR), ਪੰਜਾਬ ਦੇ ਸਹਿਯੋਗ ਨਾਲ ਕਰਵਾਈ। ਇਸ ਵਰਕਸ਼ਾਪ ‘ਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ 100 ਤੋਂ ਵੱਧ ਨੁਮਾਇੰਦਿਆਂ ਨੇ ਭਾਗ ਲਿਆ।

ਇਸ ਮੌਕੇ ਨੀਲਕੰਠ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਭਾਗਾਂ ਵਿਚਕਾਰ ਆਪਸੀ ਸਹਿਯੋਗ ਅਤੇ ਤਾਲਮੇਲ ਦੁਆਰਾ ਹੀ ਇਨ੍ਹਾਂ ਪਲੇਟਫਾਰਮਾਂ ਦੀ ਪੂਰੀ ਸਮਰੱਥਾ ਦਾ ਅਸਲ ‘ਚ ਉਪਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ ਦਾ ਅਸਲ ਲਾਭ ਤਾਂ ਹੀ ਹੋ ਸਕਦਾ ਹੈ ਜਦੋਂ ਵੱਖ-ਵੱਖ ਸਰਕਾਰੀ ਅਦਾਰੇ ਆਪਸੀ ਤਾਲਮੇਲ ਨਾਲ ਕੰਮ ਕਰਦੇ ਹਨ।

ਇਹਨਾਂ ਪਲੇਟਫਾਰਮਾਂ ਦੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਲਈ ਬਿਹਤਰ ਡੇਟਾ ਏਕੀਕਰਣ, ਅੰਤਰ-ਵਿਭਾਗੀ ਸੰਚਾਰ ਅਤੇ ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਨ੍ਹਾਂ ਡਿਜੀਟਲ ਪਲੇਟਫਾਰਮਾਂ ਦੀ ਮਹੱਤਤਾ ਅਤੇ ਡਾਟਾ ਆਧਾਰਿਤ ਗਵਰਨੈਂਸ ਬਾਰੇ ਜਾਣਕਾਰੀ ਦੇਣ ਲਈ ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਪਲੇਟਫਾਰਮਾਂ ਦੀ ਸਹੀ ਅਰਥਾਂ ਵਿੱਚ ਸੁਚਾਰੂ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਧਿਆਨ ਦੇਣ ਯੋਗ ਹੈ ਕਿ ਵੱਡੇ ਪੱਧਰ ‘ਤੇ ਡੇਟਾ ਨੂੰ ਸਟੋਰ ਕਰਨ, ਪ੍ਰਕਿਰਿਆ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਇਹਨਾਂ ਪਲੇਟਫਾਰਮਾਂ ਦੀ ਸਮਰੱਥਾ ਸੇਵਾ ਪ੍ਰਦਾਨ ਕਰਨ, ਜਵਾਬਦੇਹੀ ਅਤੇ ਪਾਰਦਰਸ਼ਤਾ ਵਿੱਚ ਸੁਧਾਰ ਕਰ ਸਕਦੀ ਹੈ।

 

Scroll to Top