July 2, 2024 9:06 pm
Patiala

ਆਪੋ ਆਪਣੇ ਰਾਗ ਅਤੇ ਗੁਰਾਂ ਦੇ ਪੰਜਾਬ ਵਿੱਚ ਅਸਲ ਮੁੱਦਾ ਮਨਫੀ ਅਤੇ ਇਸ ਘਟਨਾ ਬਹਾਨੇ ਨਿੱਜੀ ਕਿੜਾਂ

ਸੂਬਾ ਸਰਕਾਰ ਪੰਜਾਬ ਕਿਹਦੀ ਹੈ ?
ਆਮ ਆਦਮੀ ਪਾਰਟੀ ਪੰਜਾਬ ਕੀ ਸੂਬਾ ਸਰਕਾਰ ਨਹੀਂ ਹੈ ?
ਦੋਵਾਂ ਦੀਆਂ ਕਿਰਿਆਵਾਂ ਫਿਰ ਆਪਾ ਵਿਰੋਧੀ ਕਿਉਂ ਹਨ ?

ਹਰਪ੍ਰੀਤ ਸਿੰਘ ਕਾਹਲੋਂ
Sr Executive Editor
The Unmute

ਇੱਕ ਪਾਸੇ ਸੂਬਾ ਸਰਕਾਰ ਪਟਿਆਲਾ ਹਿੰਸਾ ਮਾਮਲੇ ਵਿਚ SIT ਬਿਠਾਉਂਦੀ ਹੈ ਜਿੰਨ੍ਹੇ ਜਾਂਚ ਕਰਨੀ ਹੈ ਕਿ ਸਾਰਾ ਮਾਮਲਾ ਕੀ ਸੀ,ਕਿੰਝ ਸੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਟਿੱਵਿਟਰ ਹੈਂਡਲ ਨੇ ਨਤੀਜਾ ਪੋਸਟ ਕੀਤਾ ਹੈ ਕਿ ਪਟਿਆਲਾ ਹਿੰਸਾ ਭਾਜਪਾ ਦੀ ਸ਼ਹਿ ‘ਤੇ ਹੋਈ ਹੈ ਕਿਉਂ ਕਿ ਤਸਵੀਰਾਂ ਦੱਸਦੀਆਂ ਹਨ ਕਿ ਪਰਵਾਨਾ ( ਜੋ ਕੋ ਬੜੀ ਬੇਸ਼ਰਮੀ ਨਾਲ ਐਲਾਨ ਹੀ ਦਿੱਤਾ ਹੈ) ਮਨਜਿੰਦਰ ਸਿਰਸਾ ਨਾਲ ਨੇੜ ਰੱਖਦਾ ਹੈ।

ਸਰਕਾਰ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਹੈ ਜਿੰਨ੍ਹੇ SIT ਬਿਠਾਈ ਹੈ ਜਾਂ ਆਮ ਆਦਮੀ ਪਾਰਟੀ ਪੰਜਾਬ ਦਾ ਟਿੱਵਿੱਟਰ ਹੈਂਡਲ ਸੂਬਾ ਸਰਕਾਰ ਨਹੀਂ ਹੈ ?
ਜਾਂ SIT ਦਾ ਗਠਨ ਬਾਅਦ ਵਿਚ ਹੋਇਆ ਹੈ ਜਾਂ ਨਤੀਜਾ ਪਹਿਲਾਂ ਹੀ ਆ ਗਿਆ ਹੈ ?

sit

ਭਾਜਪਾ ਤੇ ਸਿਰਸਾ ਪਰਵਾਨਾ ਗਠਜੋੜ ਹੀ ਗੁਨਾਹਗਾਰ ਹੈ ਜਾਂ ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਨੇ ਹਿਮਾਚਲ ਪ੍ਰਦੇਸ਼ ਨੂੰ ਖੁਸ਼ ਹੋਕੇ ਦੱਸਣਾ ਹੈ ਕਿ ਪਟਿਆਲੇ ਹਿੰਸਾ ਮਾਮਲਾ ਭਾਜਪਾ ਦਾ ਕੀਤਾ ਕਰਾਇਆ ਹੈ।

ਜੇ ਗੱਲ ਆਮ ਆਦਮੀ ਪਾਰਟੀ ਪੰਜਾਬ ਦੇ ਟਿਵਿੱਟਰ ਹੈਂਡਲ ਨੇ ਇੰਝ ਹੀ ਕਰਨੀ ਹੈ ਤਾਂ ਭਾਜਪਾ ਵੀ ਫਿਰ ਇਹ ਕਹਿ ਸਕਦੀ ਹੈ ਕਿ ਇਹ ਹਿੰਸਾ ਹਿਮਾਚਲ ਚੋਣਾਂ ਕਰਕੇ ਆਮ ਆਦਮੀ ਪਾਰਟੀ ਪੰਜਾਬ ਨੇ ਹੀ ਕਰਵਾਈ ਹੈ।

ਸੂਬਾ ਸਰਕਾਰ ਪੰਜਾਬ ਬਨਾਮ ਆਮ ਆਦਮੀ ਪਾਰਟੀ ਪੰਜਾਬ ਕੀ ਦੋ ਵੱਖਰੀਆਂ ਗੱਲਾਂ ਹਨ ?

ਟਾਈਮਜ਼ ਆਫ ਇੰਡੀਆ ਅਖ਼ਬਾਰ ਮੁਤਾਬਕ ਕਾਲੀ ਦੇਵੀ ਮੰਦਰ ਦੇ ਅਧਿਕਾਰੀਆਂ ਮੁਤਾਬਕ ਮੰਦਰ ‘ਤੇ ਨਾ ਹਮਲਾ ਹੋਇਆ ਹੈ ਨਾ ਮੰਦਰ ਦਾ ਨੁਕਸਾਨ ਹੋਇਆ ਹੈ।

ਟਾਈਮਜ਼ ਆਫ ਇੰਡੀਆ ਅਖ਼ਬਾਰ ਮੁਤਾਬਕ ਗੋਲੀ ਨਾਲ ਜ਼ਖ਼ਮੀ ਬੰਦੇ ਮੁਤਾਬਕ ਗੋਲੀ ਨੂੰ ਬਾਹਰ ਨਹੀਂ ਕੱਢਿਆ ਗਿਆ ਕਿਉਂ ਕਿ ਸਬੂਤ ਦਬਾਏ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਨੈਲ ਸਿੰਘ ਪੰਜੋਲੀ ਮੁਤਾਬਕ ਜ਼ਖ਼ਮੀ ਦਾ ਇਲਾਜ ਉਹ ਬਾਹਰੋਂ ਕਰਵਾਉਣਾ ਚਾਹੁੰਦੇ ਹਨ ਅਤੇ ਗੋਲੀ ਬਾਹਰ ਕੱਢਕੇ ਜਾਂਚ ਕਰਾਉਣਾ ਚਾਹੁੰਦੇ ਹਨ ਕਿ ਗੋਲੀ ਕਿਹਦੀ ਸੀ ? ਚਲਾਈ ਕਿੰਨ੍ਹੇ ਹੈ ? ਅਤੇ ਕੀਹਦੇ ਹੁਕਮਾਂ ਨਾਲ ਚੱਲੀ ਹੈ ?

ਨੈਸ਼ਨਲ ਮੀਡੀਆ ਸਾਰੀ ਰਿਪੋਰਟਿੰਗ ਇੱਕ ਤਸਵੀਰ ਬਣਾਕੇ ਸੋ ਕਾਲਡ ਝੂਠੇ ਹਵਾਲਿਆਂ ਨਾਲ ਮਾਸਟਰਮਾਇੰਡ ਪਰਵਾਨੇ ਨੂੰ ਬਣਾਕੇ ਦਿੱਲੀ ਬੈਠਾ ਕੀਹਦੀ ਸ਼ਹਿ ‘ਤੇ ਕਰ ਰਿਹਾ ਹੈ ? ਇੱਕ ਆਜ਼ਾਦ ਕਮੇਟੀ ਨੂੰ ਇਹਦੀ ਜਾਂਚ ਵੀ ਕਰਨੀ ਚਾਹੀਦੀ ਹੈ ?

ਕੀ ਇਹ ਵੱਡੀ ਘਟਨਾ ਸ਼ਿਵ ਸੈਨਾ ਆਗੂਆਂ ਦੇ ਭੜਕਾਉਣ ‘ਤੇ ਅਤੇ ਸਿੱਖ ਫਾਰ ਜਸਟਿਸ ਕਰਕੇ ਨਹੀਂ ਹੋਈ ? ਸੋ ਵੱਡੇ ਤੱਤ ਸ਼ਾਮਲ ਹੋਣ ਕਰਕੇ ਇਹਦੀ ਜਾਂਚ ਵਿਚ ਆਮ ਆਦਮੀ ਪਾਰਟੀ ਪੰਜਾਬ ਆਪਣੀਆਂ ਪੋਸਟਾਂ ਵਿਚ ਇਹ ਸਭ ਨੂੰ ਮੁਕਤ ਕਿਉਂ ਕਰ ਰਹੀ ਹੈ ?

ਪੰਜਾਬੀ ਟ੍ਰਿਬਿਊਨ ਅਖ਼ਬਾਰ ਮੁਤਾਬਕ ਖੂਫ਼ੀਆ ਵਿਭਾਗ ਨੂੰ ਇਹਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਪਹਿਲਾਂ ਤੋਂ ਸੁਚੇਤ ਕਰਨ ਵਾਲਿਆਂ ਵਿਚੋਂ ਸ਼ਿਵ ਸੈਨਾ ਬਾਲ ਠਾਕਰੇ ਪ੍ਰਧਾਨ ਯੋਗੇਸ਼ ਸ਼ਰਮਾ ਵੀ ਸੀ ਜਿੰਨ੍ਹੇ ਦੱਸਿਆ ਕਿ ਹਰੀਸ਼ ਸਿੰਗਲਾ ਇਸ ਪ੍ਰੋਗਰਾਮ ਨੂੰ ਆਪਣੇ ਪੱਧਰ ਤੇ ਨਿੱਜੀ ਤੌਰ ਤੇ ਕਰਵਾ ਰਿਹਾ ਹੈ। ਸ਼ਿਵ ਸੈਨਾ ਪੰਜਾਬ ਵੱਲੋਂ ਤੁਹਾਨੂੰ ਪਹਿਲਾਂ ਤੋਂ ਹੀ ਸੁਚੇਤ ਕੀਤਾ ਜਾਂਦਾ ਹੈ ਕਿ ਇਸ ਪ੍ਰੋਗਰਾਮ ਨਾਲ ਸ਼ਿਵਸੈਨਾ ਪੰਜਾਬ ਦੀ ਸਹਿਮਤੀ ਨਹੀ ਹੈ।

Punjab

ਪੰਜਾਬੀ ਟ੍ਰਿਬਿਊਨ ਦੀ ਫਿਰ ਖਬਰ ਮੁਤਾਬਕ ਸੋ ਕਾਲਡ ਮਾਸਟਰਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੇ ਪਹਿਲਾਂ ਤੋਂ ਹੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਕਿ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਦੀ ਖਾਲਿਸਤਾਨ ਮੁਰਦਾਬਾਦ ਰੈਲੀ ਨੂੰ ਰੋਕਿਆ ਜਾਵੇ। ਅਜਿਹਾ ਮਾਸਟਰਮਾਈਂਡ ਪਹਿਲੀ ਵਾਰ ਵੇਖਿਆ ਹੈ ਜਿੰਨੇ ਪੁਲਿਸ ਨੂੰ ਪਹਿਲਾਂ ਤੋਂ ਹੀ ਸੁਚੇਤ ਕੀਤਾ ਸੀ।

patialla

ਸੂਬਾ ਸਰਕਾਰ ਪੰਜਾਬ ਅਤੇ ਆਮ ਆਦਮੀ ਪਾਰਟੀ ਪੰਜਾਬ ਜੋ ਕਿ ਇੱਕੋ ਹਨ। ਕੀ ਤੁਸੀਂ ਪੁਲਿਸ ਦੀ ਕਾਰਵਾਈ ਦੀ ਸਮੀਖਿਆ ਨਹੀਂ ਕਰੋਗੇ ? ਦਿਨ-ਦਿਹਾੜੇ ਸਾਰੀ ਘਟਨਾਵਾਂ ਦਾ ਸੂਤਰਧਾਰ ਇੱਕ ਬੰਦੇ ਨੂੰ ਬਣਾ ਦਿੱਤਾ ਗਿਆ ਹੈ ਜੋ ਇਸ ਘਟਨਾ ਦੇ ਪ੍ਰਤਿਕਿਰਿਆ ਦੇ ਰੂਪ ਵਿੱਚ ਖੜ੍ਹਾ ਸੀ।

ਨੈਸ਼ਨਲ ਮੀਡੀਆ, ਪੰਜਾਬੀ ਹਿੰਦੀ ਅਖ਼ਬਾਰਾਂ ਸਭ ਇੱਕੋ ਤਸਵੀਰ ਤੋਂ ਰਿਪੋਰਟਿੰਗ ਕਿਉਂ ਕਰ ਰਹੀਆਂ ਹਨ। ਅਸੀਂ ਮੀਡੀਆ ਹਾਂ ਜਾਂ ਆਮ ਆਦਮੀ ਪਾਰਟੀ ਦੇ ਬਿਆਨ ਦੇ ਮਹਿਜ਼ ਸਪੋਕਸਪਰਸਨ ਹਾਂ।

ਇਸ ਸਾਰੇ ਹਵਾਲੇ ਵਿੱਚ ਟਾਈਮਜ਼ ਆਫ ਇੰਡੀਆ ਦੇ ਭਰਤ ਖੰਨਾ ਅਤੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਦੀ ਰਿਪੋਰਟਿੰਗ ਘਟਨਾਵਾਂ ਨੂੰ ਬਣੀ ਤਸਵੀਰ ਤੋਂ ਬਾਹਰ ਵੇਖ ਸਕੀਆਂ ਹਨ।

patiala

ਲੱਲਣਟਾਪ ਤੋਂ ਲੈਕੇ ਦੀ ਪ੍ਰਿੰਟ ਦੀ ਰਿਪੋਰਟ ਵੀ ਮਾਸਟਰਮਾਇੰਡ ਤੱਕ ਹੀ ਮਹਿਦੂਦ ਹੈ। ਦੀ ਪ੍ਰਿੰਟ ਤਾਂ ਦਮਦਮੀ ਟਕਸਾਲ ਨੂੰ ਭਾਜਪਾ ਨਾਲ ਹੀ ਦੱਸਦੀ ਹੈ ਜੋ ਕਿ ਇਸ ਘਟਨਾ ਨਾਲ ਕਿਸੇ ਤਰ੍ਹਾਂ ਕੋਈ ਸਬੰਧ ਦਾ ਕਾਰਨ ਨਹੀਂ ਹੈ।

ਇੰਡੀਅਨ ਐਕਸਪ੍ਰੈਸ ਦੇ ਕਮਲਦੀਪ ਸਿੰਘ ਬਰਾੜ ਮੁਤਾਬਕ ਇਹਨਾਂ ਗੱਲਾਂ ਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ ਕਿ ਜੇ ਤੱਥਾਂ ਦੀ ਕੋਈ ਇੱਜਤ ਹੈ ਤਾਂ…

ਇਹ ਤੱਥ ਹੈ ਕਿ ਪਰਵਾਨਾ ਪੁਲਿਸ ਨੂੰ ਕਈ ਵਾਰ ਮਿਲਿਆ ਤੇ ਸ਼ਿਵ ਸੈਨਿਕਾਂ ਨੂੰ ਰੋਕਣ ਦੀ ਅਪੀਲ ਕੀਤੀ

ਇਹ ਤੱਥ ਹੈ ਕਿ ਇਨਾਂ ਮੀਟਿੰਗਾਂ ਦੌਰਾਨ ਪੁਲਿਸ ਨਾਲ ਕੀਤੀ ਜੁਬਾਨ ਮੁਤਾਬਕ ਉਹ ਗੁਰੂਦੁਆਰੇ ਤੋਂ ਬਾਹਰ ਨਹੀਂ ਨਿਕਲਿਆ

ਇਹ ਤੱਥ ਹੈ ਕਿ ਗੁਰੂਦੁਆਰੇ ਤੋਂ ਬਾਹਰ ਨਾ ਨਿਕਲਣ ਕਰਕੇ ਉਸਦੀ ਸਿੱਖਾਂ ਦੇ ਅੰਦਰ ਹੀ ਅਲੋਚਣਾ ਹੋਈ

ਇਹ ਤੱਥ ਹੈ ਕਿ ਪਰਵਾਨੇ ਮੁਤਾਬਕ ਸ਼ਿਵ ਸੈਨਾ ਨੇ ਉਵੇਂ ਦਾ ਸ਼ਹਿਰ ਵਿੱਚ ਕੋਈ ਮਾਰਚ ਨਹੀਂ ਕੱਢਿਆ ਜਿਵੇਂ ਦਾ ਐਲਾਣ ਸੀ

ਇਹ ਤੱਥ ਹੈ ਕਿ ਪਰਵਾਨੇ ਅਨੁਸਾਰ ਅੱਧੇ ਮਿੰਟ ਦੀ ਵੀਡੀਉ ਕਰਕੇ ਸਿੱਖਾਂ ਨੂੰ ਭੜਕਾਹਟ ‘ਚ ਨਹੀਂ ਆਉਣਾ ਚਾਹੀਦਾ ਸੀ

ਇਹ ਤੱਥ ਹੈ ਕਿ ਪਰਵਾਨੇ ਨੂੰ ਇਨਾਂ ਗੱਲਾਂ ਕਰਕੇ ਸਿੱਖਾਂ ਦੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਤੇ ਅੱਗੇ ਵੀ ਕਰਨਾ ਪੈ ਸਕਦਾ।

ਪਰ ਇਨਾਂ ਤੱਥਾਂ ਤੋਂ ਇਹ ਕਿਵੇਂ ਸਾਬਤ ਹੁੰਦਾ ਕਿ ਪਰਵਾਨਾ ਮਾਸਟਰ ਮਾਈੰਡ ਸੀ । ਜੋ ਬਹੁਤੇ ਪੜੇ ਲਿਖੇ ਤੇ ਸਿਆਣੇ ਨੇ, ਵਿਦਵਾਨ ਨੇ, ਆਮ ਆਦਮੀ ਪਾਰਟੀ ਦੇ ਸਮਰਥਕ ਜਾਂ ਵਿਰੋਧੀ ਨੇ ਉਹ ਦੱਸਣ ਕਿ ਇਨਾਂ ਤੱਥਾਂ ਦੀ ਰੋਸ਼ਨੀ ‘ਚ ਪਰਵਾਨਾ ਮਾਸਟਰ ਮਾਇੰਡ ਕਿਵੇਂ ਸੀ ?

patiala

ਇਹ ਜਰੂਰ ਕਿਹਾ ਜਾ ਸਕਦਾ ਕਿ ਪਰਵਾਨੇ ਵਲੋਂ ਸੱਭ ਤੋਂ ਪਹਿਲਾਂ ਕਾਲ ਦਿੱਤੀ ਗਈ ਸੀ ਤੇ ਬਾਅਦ ਵਿੱਚ ਹੋਰ ਵੀ ਸਿੱਖ ਜਥੇਬੰਦੀਆਂ ਨੇ ਦਿੱਤੀ ਹੋਊ। ਇਕੱਠ ਬਹੁਤ ਜਿਆਦਾ ਹੋ ਗਿਆ ਤੇ ਪਰਵਾਨੇ ਤੋਂ ਸੰਭਾਲਿਆ ਨਹੀਂ ਗਿਆ। ਪਰ ਪਰਵਾਨਾ ਮਾਸਟਰ ਮਾਈੰਡ ਕਿਵੇਂ ਹੋ ਗਿਆ । ਉਹ ਤਾਂ ਸਗੋਂ ਪੁਲਿਸ ਨਾਲ ਕੀਤੀ ਆਪਣੀ ਜੁਬਾਨ ‘ਤੇ ਰਿਹਾ ।

ਆਜ਼ਾਦ ਪੱਤਰਕਾਰ ਸੰਦੀਪ ਸਿੰਘ ਦੀ ਦਲੀਲ ਪੂਰੀ ਘਟਨਾ ਅਤੇ ਘਟਨਾ ਦੀ ਹੁੰਦੀ ਰਿਪੋਰਟਿੰਗ ਬਾਰੇ ਬਹੁਤ ਖਾਸ ਹੈ। ਇਸਦਾ ਸਕਰੀਨ ਸ਼ੌਟ ਪੜ੍ਹੋ ਅਤੇ ਵੇਖੋ !

ਫੋਟੋ : ਸੰਦੀਪ ਸਿੰਘ ਦੀ ਪੋਸਟ

sandeep

ਇਹ ਆਪੋ ਆਪਣੇ ਰਾਗ ਹਨ ਅਤੇ ਗੁਰਾਂ ਦੇ ਪੰਜਾਬ ਵਿੱਚ ਅਸਲ ਮੁੱਦਾ ਨਾ ਸਮਝਣ ਅਤੇ ਇਸ ਬਹਾਨੇ ਨਿੱਜੀ ਕਿੜਾਂ ਕੱਢਣ ਦਾ ਵੀ ਬਹਾਨਾ ਬਣਿਆ ਹੈ।

29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦਾ ਮਤਾ ਪੈ ਗਿਆ।ਇਸ ਤਾਰੀਖ਼ ਤੋਂ ਪਹਿਲਾਂ ਇਹਦੀ ਜ਼ਮੀਨ ਕਿਵੇਂ ਤਿਆਰ ਹੋਈ ? ਇਹਦੀ ਬੁਨਿਆਦ ‘ਚ ਸਿੱਖਾਂ ਨੂੰ ਪੰਜਾਬ ਦੀ ਧਰਤੀ ਲਈ ਕਿਉਂ ਮਹਿਸੂਸ ਹੁੰਦਾ ਰਿਹਾ ਹੈ ਕਿ ਅਣਗਿਣਤ ਬੇਇਨਸਾਫੀਆਂ ਹਨ ? ਘਟਨਾਵਾਂ ਅੱਗੇ ਵੱਧ ਆਈਆਂ ਹਨ। ਬੰਦੇ ਇਸ ਦੇ ਹੱਕ ‘ਚ ਹਨ,ਵਿਰੋਧ ‘ਚ ਹਨ ਅਤੇ ਸਹਿਮਤੀ ਅਸਹਿਮਤੀ ਦੇ ਮਾਹੌਲ ‘ਚ ਸਭ ਕੋਲ ਆਪੋ ਆਪਣੇ ਕਾਰਨ ਹਨ।ਇਸ ਘਟਨਾ ਦਾ ਕੱਲ੍ਹ ਜੋ ਅਸਰ ਹੋਇਆ ਉਹ ਸਮਝਣ ਦੀ ਲੋੜ ਹੈ।

ਸਿੱਖਸ ਫਾਰ ਜਸਟਿਸ ਤੋਂ ਚਿੱਠੀ ਜਾਰੀ ਹੁੰਦੀ ਹੈ ਕਿ ਇਸ ਤਾਰੀਖ਼ ਨੂੰ ਡੀਸੀ ਦਫਤਰਾਂ ‘ਤੇ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣਗੇ।ਇਸ ਘਟਨਾ ਨੂੰ ਪੰਜਾਬ ‘ਚ ਕਿਸੇ ਹੁੰਗਾਰਾ ਨਹੀਂ ਦਿੱੱਤਾ।ਇਸ ਤੋਂ ਪਹਿਲਾਂ ਵੀ ਸਿੱਖਸ ਫਾਰ ਜਸਟਿਸ ਨੂੰ ਹੁੰਗਾਰਾ ਨਹੀਂ ਮਿਲਿਆ।ਦੂਜੇ ਪਾਸੇ ਇਸ ਤੋਂ ਇਲਾਵਾ ਖਾਲਿਸਤਾਨ ਦੀ ਲੜਾਈ ਲੜਦੀਆਂ ਜਥੇਬੰਦੀਆਂ ਜਾਂ ਅਜਿਹੀ ਵਿਚਾਰਧਾਰਾ ਦੇ ਨਾਲ ਸਬੰਧਤ ਬੰਦਿਆਂ ਦਾ ਹੁੰਗਾਰਾ ਵਧੇਰੇ ਸੰਤੁਲਿਤ ਅਤੇ ਸਹਿਣਸ਼ੀਲ ਹੈ।ਸੋ ਗੁਰਪਤਵੰਤ ਪੰਨੂੰ ਕੀ ਕਹਿੰਦਾ ਹੈ ਇਸ ਬਾਰੇ ਪੰਜਾਬ ‘ਚ ਕੋਈ ਬਹੁਤਾ ਹੁੰਗਾਰਾ ਨਹੀਂ ਹੈ। ਦੂਜਾ ਅਜਿਹੀ ਚਿੱਠੀ ਦਾ ਅਧਾਰ ਕੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ।

ਮੁੱਕਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਦੇ ਹਰੀਸ਼ ਸਿੰਗਲਾ ਨੇ ਖਾਲਿਸਤਾਨ ਮੁਰਦਾਬਾਦ ਰੈਲੀ ਕੱਢਣ ਦਾ ਸੱਦਾ ਦਿੱਤਾ।ਇਹ ਸੱਦਾ ਪਿਛਲੇ ਦੋ ਹਫਤਿਆਂ ਤੋਂ ਘੁੰਮ ਰਿਹਾ ਸੀ।ਇਸ ਬਾਰੇ ਵੀਡੀਓ ਘੁੰਮੀਆ ਕਿ ਗੁਰਪਤਵੰਤ ਪੰਨੂੰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਰੈਲੀ ਕੱਢਾਂਗੇ। ਗੁਰਪਤਵੰਤ ਪੰਨੂੰ ਦੇ ਬਹਾਨੇ ਹਰੀਸ਼ ਸਿੰਗਲਾ ਜਾਂ ਜਥੇਬੰਦੀਆਂ ਦੀ ਰੈਲੀ ਸਿੱਖਾਂ ਨੂੰ ਉਕਸਾਉਣ,ਭੜਕਾਉਣ ਦੀ ਵਧੇਰੇ ਸੀ।

patiala

ਇਸ ਮੁੱਠਭੇੜ ਵਿੱਚ ਸਾਹਮਣੇ ਸਿੱਖ ਜਥੇਬੰਦੀਆਂ ਹਨ ਪਰ ਕੋਈ ਸਿੱਖਸ ਫਾਰ ਜਸਟਿਸ ਦਾ ਹਿੱਸਾ ਨਹੀਂ ਹੈ।ਇਸ ਦੌਰਾਨ ਨਾ ਹੀ ਕਿਸੇ ਲਈ ਸਿਖਸ ਫਾਰ ਜਸਟਿਸ ਦਾ ਸੱਦਾ ਪਹਿਲ ਹੈ।ਇੱਥੇ ਸਿੱਖ ਜਥੇਬੰਦੀਆਂ ਸ਼ਿਵ ਸੈਨਾ ਦੇ ਇਸ ਵਿਰੋਧ ਦੇ ਵਿਰੋਧ ਵਿੱਚ ਹਨ।ਦੂਜੇ ਪਾਸੇ ਹਿੰਦੂ ਨਹੀਂ ਹੈ।ਸ਼ਿਵ ਸੈਨਾ ਹੈ ਜੀਹਦੇ ਕੋਲ ਹਿੰਦੂ ਮਨ ਨੂੰ ਭੈਭੀਤ ਕਰਨ ਦੀ ਫ੍ਰੈਚਾਇਜ਼ੀ ਹੈ।

ਪੰਜਾਬ ‘ਚ ਅਜਿਹੀ ਜਥੇਬੰਦੀਆਂ ਦੀ ਖੁਰਾਕ ਬਾਹਰੋਂ ਹੈ।ਪੰਜਾਬ ਅੰਦਰ ਪੰਜਾਬ ਹਿੱਤ ਸੁਭਾਅ,ਵਿਰੋਧ ਦੀ ਆਵਾਜ਼ ਅਤੇ ਬੇਇਨਸਾਫੀਆਂ ਦੀ ਗੱਲ ਕਰਨ ਦਾ ਆਪਣਾ ਅੰਦਾਜ਼ ਹੈ।ਸ਼ਿਵ ਸੈਨਾ ਅਤੇ ਅਜਿਹੀਆਂ ਹਿੰਦੂ ਜਥੇਬੰਦੀਆਂ ਦਾ ਵਿਰੋਧ ਕਰਨ ਦਾ ਅੰਦਾਜ਼ ਆਜ਼ਾਦ ਆਵਾਜ਼ ਨੂੰ ਬੰਦ ਕਰ ਹਿੰਦੂ ਰਾਸ਼ਟਰ ਦੇ ਸੰਕਲਪ ‘ਤੇ ਸਭ ਨੂੰ ਧੱਕੇ ਨਾਲ ਇੱਕਮਤ ਕਰਨ ਦਾ ਹੈ।

ਸਿੱਖਸ ਫਾਰ ਜਸਟਿਸ ਦੇ ਅਜਿਹੇ ਪ੍ਰੋਗਰਾਮ ਖਾਲਿਸਤਾਨ ਦੇ ਤਹੱਈਏ ਲਈ ਕਦੀ ਵੀ ਸਹੀ ਨਹੀਂ ਹਨ।ਇਸ ਸ਼ਬਦ ਦੀ ਬੁਨਿਆਦ ਵਿੱਚ ਬਹੁਤ ਸਹਿਜ ਹੈ ਅਤੇ ਵੱਡੇ ਲੋਕ ਰਾਜ ਅਤੇ ਬੁਨਿਆਦੀ ਹੱਕਾਂ ਦੀ ਗੱਲ ਹੈ।ਇਸ ਸ਼ਬਦ ਨੂੰ ਲਗਾਤਾਰ ਫਿਰਕੂ ਐਲਾਨਿਆ ਗਿਆ ਹੈ।ਪੰਜਾਬ ਅੰਦਰ ਜਦੋਂ ਇਹਦੀ ਗੱਲ ਹੁੰਦੀ ਹੈ ਤਾਂ ਸਭ ਕੁਝ ਮੁੱਢ ਤੋਂ ਪ੍ਰਭਾਸ਼ਿਤ ਕਰਨਾ ਹੀ ਪਵੇਗਾ।

ਅਜਿਹੀ ਮੰਗ ਦੇ ਓਹਲੇ ਕਦੀ ਵੀ ਫਿਰਕਾਪ੍ਰਸਤੀ ਨਹੀਂ ਹੈ।ਇਹ ਵਿਤਕਰੇ ਤੋਂ ਉਪਜੀ ਮੰਗ ਹੈ।ਇਹਦੀ ਬੁਨਿਆਦ 1839 ਤੋਂ 1947 ਅਤੇ ਬਾਅਦ 1984 ਤੱਕ ਪਰਤ ਦਰ ਪਰਤ ਸਮਝਣੀ ਪਵੇਗੀ।ਜ਼ਰੂਰੀ ਨਹੀਂ ਕਿ ਇਹ ਇਸ ਦੇਸ਼ ਤੋਂ ਵੱਖ ਹੋਣ ਵਿੱਚ ਹੀ ਹੱਲ ਹੈ।ਇਹ ਦੁਵੱਲੀ ਗੱਲਬਾਤਾਂ ਦਾ ਸਿਲਸਿਲਾ ਹੈ।ਇਹਦੇ ਵਿੱਚ ਬਰਲਿਨ ਦੀਆਂ ਕੰਧਾਂ ਢਾਹੁਣ ਵਾਂਗੂੰ ਸਾਂਝੀ ਧਰਤੀ ਦਾ ਉੱਧਮ ਹੋ ਸਕਦਾ ਹੈ।

ਇਹਨਾਂ ਗੱਲਾਂ ਬਾਰੇ ਤੁਹਾਡਾ ਸਹਿਮਤ ਜਾਂ ਅਸਹਿਮਤ ਹੋਇਆ ਜਾ ਸਕਦਾ ਹੈ ਪਰ ਅਖੀਰ ਗੱਲ ਇਹੋ ਹੈ ਕਿ ਆਪੋ ਆਪਣੇ ਨਜ਼ਰੀਏ ਤੋਂ ਉੱਠਦੀਆਂ ਮੰਗਾਂ,ਗੱਲਾਂਬਾਤਾਂ ਵਿੱਚ ਪੰਜਾਬ ਦੇ ਦਰਿਆ,ਮਿੱਟੀ,ਉਜਾੜੇ,ਆਬੋ ਹਵਾ ਅਤੇ ਸੂਬਿਆਂ ਦੇ ਹੱਕਾਂ ਦਾ ਤੁਲਨਾਤਮਕ ਅਧਿਐਨ ਵਿੱਚ ਗੱਲਾਂ ਨੂੰ ਦੁਰੱਸਤ ਕਰਨਾ ਤਾਂ ਪਵੇਗਾ।

ਕੱਲ੍ਹ ਇੱਕ ਪਾਸੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਿੱਖਾਂ ਦੀ ਮਹੱਤਤਾ ਸਮਝਾਉਂਦੇ ਸਦਭਾਵਨਾ ਬੈਠਕ ਕਰ ਰਹੇ ਸਨ ਅਤੇ ਦੂਜੇ ਪਾਸੇ ਸ਼ਿਵ ਸੈਨਾ ਨੇ ਉਕਸਾਊ ਮਾਹੌਲ ਪੈਦਾ ਕੀਤਾ।ਪ੍ਰਧਾਨ ਮੰਤਰੀ ਮੋਦੀ ਦੀ ਸਦਭਾਵਨਾ ਬੈਠਕ ਸੋਹਣਾ ਕਦਮ ਹੈ।ਕੂਟਨੀਤੀ ਪੱਖ ਤੋਂ ਜਾਂ ਧੁਰ ਦਿਲੋਂ ਜੋ ਵੀ ਹੋਇਆ ਘੱਟੋ ਘੱਟ ਸਾਰਥਕ ਕੌਸ਼ਿਸ਼ ਹੋ ਰਹੀ ਹੈ।

ਵੱਡੀਆਂ ਸੱਭਿਆਤਾਵਾਂ ਵਿੱਚ ਆਪਸੀ ਦੁਵੱਲੀ ਗੱਲਬਾਤ ਅਤੇ ਰਾਹ ਇੰਝ ਹੀ ਬਣਦੇ ਉਸਰਦੇ ਹਨ।ਇਸ ਸਾਰੀ ਗੱਲਬਾਤ ਦੀ ਤੰਦ ਬਹੁਤ ਮਹੀਨ ਬਾਰੀਕ ਹੈ।ਇਹਨੂੰ ਪੜ੍ਹਦਿਆਂ ਜੇ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਨਜ਼ਰੀਏ ਤੋਂ ਇਹ ਮੰਨ ਲਿਆ ਕਿ ਇਹ ਮੋਦੀ ਅਤੇ ਸਿੱਖ ਭਾਵਨਾਵਾਂ ਪ੍ਰਤੀ ਉਲਾਰ ਹੈ ਤਾਂ ਫਿਰ ਇਹ ਤੁਹਾਡੀ ਸਮਝ ਹੈ। ਗੱਲ ਇਹੋ ਹੈ ਅਤੇ ਏਨੀ ਕੁ ਹੈ ਕਿ ਅਖੀਰ ਸੰਵਾਦ ਨਾਲ ਬਿਹਤਰ ਕੀ ਹੋਵੇ,ਭਾਂਵੇ ਕਿਵੇਂ ਵੀ ਹੋਵੇ।

ਪੰਜਾਬ ਵਿੱਚ ਜਦੋਂ ਜਦੋਂ ਅਜਿਹੀਆਂ ਘਟਨਾਵਾਂ ਆਉਂਦੀਆਂ ਹਨ ਤਾਂ ਇਹਨਾਂ ਦੀ ਰਿਪੋਰਟਿੰਗ ਸੰਤੁਲਿਤ ਨਹੀਂ ਹੁੰਦੀ।ਸ਼ਿਵ ਸੈਨਾ ਅਤੇ ਅਜਿਹੀਆਂ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ‘ਚ ਗਲੀਆਂ ‘ਤੇ ਲੜਾਈ ਲਿਆਉਣ ਦੀ ਪਿਰਤ ਚਾਲੂ ਕੀਤੀ ਹੈ।ਖੌਫ ਦੇ ਅਜਿਹੇ ਮੰਜ਼ਰ ਤੋਂ ਇਹਨਾਂ ਅੰਦਰ ਦੀ ਭਾਵਨਾ ਕੋਈ ਵਤਨ ਪ੍ਰਸਤੀ ਦੀ ਨਹੀਂ ਹੈ।

ਇਸ ਦੌਰਾਨ ਸ਼ਿਵ ਸੈਨਾ ਜਥੇਬੰਦੀ ਦੀ ਕਾਰਵਾਈ ਅਤੇ ਬਰਜਿੰਦਰ ਸਿੰਘ ਪਰਵਾਨਾ ਫਿਲਹਾਲ ਇੱਕੋ ਰੱਸੇ ਨਹੀਂ ਬਝ ਸਕਦੇ।ਇੱਕ ਧਿਰ ਨਫ਼ਰਤ ਦੀ ਸਿਆਸਤ ਚੋਂ ਦੂਜੀ ਧਿਰ ਦੀ ਕਿਰਦਾਰਕੁਸ਼ੀ ਕਰਦੀ ਹੈ ਅਤੇ ਉਹਨਾਂ ਨੂੰ ਭੜਕਾਉਂਦੀ ਹੈ।ਦੂਜੇ ਪਾਸੇ ਬਰਜਿੰਦਰ ਸਿੰਘ ਪਰਵਾਨੇ ਦੇ ਐਕਸ਼ਨ ‘ਚ ਸੰਤੁਲਿਤ ਵਿਹਾਰ ਇਹ ਹੈ ਕਿ ਵਿਰੋਧ ਕੀਹਦਾ ਕਰਨਾ ਹੈ,ਕਿਉਂ ਕਰਨਾ ਹੈ ਅਤੇ ਕਿੰਝ ਕਰਨਾ ਹੈ।

ਪਰਵਾਨੇ ਦੇ ਐਕਸ਼ਨ ਦੀ ਆਲੋਚਨਾ ਹੋ ਸਕਦੀ ਹੈ ਜਾਂ ਉਹਦੀ ਸਿਆਸਤ ਨਾਲ ਸਾਡੀ ਸਹਿਮਤੀ ਅਸਹਿਮਤੀ ਹੋ ਸਕਦੀ ਹੈ ਪਰ ਪਰਵਾਨੇ ਖਿਲਾਫ ਸੋ ਕਾਲਡ ਸੈਕੂਲਰ ਬਣ ਹੁੰਦੀ ਪੱਤਰਕਾਰੀ ਵੀ ਸੰਤੁਲਿਤ ਨਹੀਂ ਹੈ।ਉਹ ਪੱਤਰਕਾਰੀ ਆਪਣੀ ਖੱਬੇਪੱਖੀ ਪਹੁੰਚ ਨਾਲ ਪਰਵਾਨੇ ਖਿਲਾਫ ਆਪਣੀ ਧਿਰ ਦੀ ਜਥੇਬੰਦਕ ਬਿਆਨਬਾਜ਼ੀ ਹੀ ਹੈ।ਅਜਿਹੀ ਪੱਤਰਕਾਰੀ ‘ਚ ਤੱਥ,ਘਟਨਾਵਾਂ ਦੀ ਪੜਚੋਲ ਨਹੀਂ ਹੈ ਅਤੇ ਕਿਸੇ ਜਥੇਬੰਦੀ ਖਿਲਾਫ ਸੈਕੂਲਰ ਹੋਣ ਦਾ ਦਿਖਾਵਾ ਕਰਦਿਆਂ ਉਹਦੀ ਟਰੋਲਿੰਗ ਕਰਨਾ ਹੀ ਹੈ।

patiala

ਪੱਤਰਕਾਰੀ ਚੋਣਵੀਂ ਨਹੀਂ ਹੋ ਸਕਦੀ। ਤੁਸੀਂ ਇਹ ਮਾਪਦੰਡ ਨਹੀਂ ਰੱਖ ਸਕਦੇ ਕਿ ਇਹ ਫਿਰਕੂ ਹੈ।ਇਹਦੀ ਪੱਤਰਕਾਰੀ ਨਹੀਂ ਹੋ ਸਕਦੀ। ਪੱਤਰਕਾਰੀ ਨੇ ਹਰ ਪੱਖ ਨੂੰ ਦਰਜ ਕਰਨਾ ਹੈ। ਇਹ ਜ਼ਰੂਰੀ ਵੀ ਹੈ। ਹਾਂ ਜ਼ਹਿਰ ਨਹੀਂ ਗਲੱਛਿਆ ਜਾ ਸਕਦਾ ਪਰ ਵਿਰੋਧੀ ਸੁਰ ਨੂੰ ਤੁਸੀਂ ਇਹ ਮਾਪਦੰਡ ਵਿਚ ਨਹੀਂ ਰੱਖ ਸਕਦੇ ਕਿ ਇਹ ਸਮਾਜ ਵਿਰੋਧੀ ਹੈ। ਬਾਕੀ ਗੱਲਾਂ ਨੂੰ ਤਰਤੀਬ ਵਿੱਚ ਰੱਖਣ ਲਈ ਸੰਪਾਦਕੀ ਪਹੁੰਚ ਬਣਾਉਣੀ ਬਹੁਤ ਜ਼ਰੂਰੀ ਹੈ। ਸੋਸ਼ਲ ਮੀਡੀਆ ਚੈਨਲਾਂ ਦੇ ਢਾਂਚੇ ਵਿੱਚ ਸੰਪਾਦਕੀ ਪੁੰਨਛਾਣ ਅਤੇ ਕਾਬੂ ਹੋਣਾ ਬਹੁਤ ਜ਼ਰੂਰੀ ਹੈ।

ਪੰਜਾਬ ਸਰਕਾਰ ਨੇ ਮੌਕੇ ‘ਤੇ ਜੋ ਬਿਹਤਰ ਹੋ ਸਕਦਾ ਸੀ ਉਹ ਕੀਤਾ।ਪਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਇਸ ਨਜ਼ਰੀਏ ਤੋਂ ਜ਼ਰੂਰ ਬਣਦੀ ਹੈ ਕਿ ਇਸ ਘਟਨਾ ਬਾਰੇ ਪਹਿਲਾਂ ਤੋਂ ਚਰਚਾ ਸੀ।ਸੋ ਸਮੇਂ ਤੋਂ ਪਹਿਲਾਂ ਸ਼ਿਵ ਸੈਨਾ ਜਥੇਬੰਦੀ ਨੂੰ ਸੱਦ ਅਤੇ ਦੂਜੇ ਪਾਸੇ ਇਸ ਰੈਲੀ ਦਾ ਵਿਰੋਧ ਕਰਦਿਆਂ ਨੂੰ ਸੱਦਾ ਦੇ ਗੱਲਬਾਤ ਹੋ ਸਕਦੀ ਸੀ।ਸ਼ਿਵ ਸੈਨਾ ਨੂੰ ਤਾੜਣਾ ਪੈ ਸਕਦੀ ਸੀ।ਆਗੂਆਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਸੀ।

patiala

ਪੰਜਾਬ ਵਿੱਚ ਲੈ ਦੇਕੇ ਗਰਮ ਖਿਆਲੀ ਕਹਿਕੇ ਸਿੱਖਾਂ ਨੂੰ ਹੀ ਅਖੀਰ ਸਾਰੀ ਗੱਲ ਦਾ ਜ਼ਿੰਮੇਵਾਰ ਐਲਾਨਣ ਤੋਂ ਪਹਿਲਾਂ ਇਹ ਵੀ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ‘ਤੇ ਇਹ ਮਾਹੌਲ ਪੈਦਾ ਕਰਨ ਦੀਆਂ ਘਟਨਾਵਾਂ ਕੀ ਹਨ।

ਆਰ ਐੱਸ ਅੇੱਸ ਦੀ ਇਕਾਈ ਰਾਸ਼ਟਰੀ ਸਿੱਖ ਸੰਗਤ 24 ਨਵੰਬਰ 1986 ਨੂੰ ਬਣਦੀ ਹੈ। ਇਸ ਤੋਂ ਪਹਿਲਾਂ 1985 ਵਿਚ ਹਿੰਦੂ-ਸਿੱਖ ਸਾਂਝ ਦੀ ਬਕਾਇਦਾ ਕਿਤਾਬ ਪ੍ਰਕਾਸ਼ਿਤ ਕਰਦੇ ਹਨ। ਇਸ ਕਿਤਾਬ ਨੂੰ ਰਾਸ਼ਟਰੀ ਸਵਯਮ ਸੇਵਕ ਨਾਲ ਜੁੜੇ ਇਤਿਹਾਸਕਾਰ ਰਾਮ ਸਵਰੂਪ ਲਿਖਦੇ ਹਨ। ਇਹਦਾ ਮੁੱਖ ਬੰਦ ਸੀਤਾ ਰਾਮ ਗੋਇਲ ਨੇ ਲਿਿਖਆ ਹੈ।

ਇਸ ਵਿੱਚ ਭਗਤੀ ਮੁਵਮੈਂਟ ਨੂੰ ਵੇਦਾਂ ਇਤਿਹਾਸ ਪੁਰਾਣਾ ਧਰਮ ਸ਼ਾਸਤਰਾਂ ਦੇ ਪ੍ਰਤੀ ਮੁੜ ਜਾਗ੍ਰਿਤੀ ਦਾ ਨਾਮ ਦਿੰਦੇ ਹਨ। ਇਸ ਦੌਰਾਨ ਉਹ ਪੂਰੀ ਬੌਧਿਕ ਬੇਈਮਾਨੀ ਦੇ ਨਾਲ ਇਹ ਸਿੱਧ ਕਰਦੇ ਹਨ ਕੀ ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਵੀ ਆਪਣੇ ਖਿੱਤੇ ਦੀ ਇਹ ਜ਼ਿੰਮੇਵਾਰੀ ਨਿਭਾ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੇਵਾਂ ਵੇਦ ਦਸਦੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਨੂੰ ਉਹੋ ਅਜਿਹਾ ਬੰਦਾ ਐਲਾਨਦੇ ਹਨ ਜਿੰਨੇ ਹਿੰਦੂ ਸਿੱਖ ਸਾਂਝ ਨੂੰ ਵਲੂੰਧਰਿਆ ਹੈ। ਮਾਕਸ ਆਰਥਰ ਮੈਕਾਲਿਫ਼ ਨੂੰ ਉਹ ਬਰਤਾਨਵੀ ਸਰਕਾਰ ਦਾ ਏਜੰਟ ਦੱਸਦੇ ਹਨ।

ਇਤਿਹਾਸ ਦੀਆਂ ਘਟਨਾਵਾਂ ਦੀ ਤਰਤੀਬ ਉਨ੍ਹਾਂ ਨੇ ਉਹੋ ਰੱਖੀ ਜੋ ਇਤਿਹਾਸ ਹੈ ਪਰ ਉਹਨੂੰ ਬਿਆਨ ਕਰਨ ਵੇਲੇ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਇਤਿਹਾਸ ਬਿਆਨ ਕਰਦਿਆਂ ਭਰਿਸ਼ਟ ਪਹੁੰਚ ਵਿਖਾ ਦਿੱਤੀ।

ਇੰਝ ਹੀ ਪੰਜਾਬ ‘ਚ ਮੁੰਬਈ ਦੀ ਸ਼ਿਵ ਸੈਨਾ ਦੀ ਤਰਜ ‘ਤੇ ਹਿੰਦੂ ਜਥੇਬੰਦੀਆਂ ਦਾ ਵਿਕਾਸ ਹੋਇਆ ਅਤੇ ਇਹਨਾਂ ਜਥੇਬੰਦੀਆਂ ਦੀ ਭਾਵਨਾ ਵਤਨਪ੍ਰਸਤੀ ਦੀ ਨਹੀਂ ਸਗੋਂ ਫਿਰਕਾਪ੍ਰਸਤੀ ਦੀ ਵਧੇਰੇ ਹੈ।ਖੱਬੇਪੱਖੀਆਂ ਦੇ ਕਈ ਧੜਿਆਂ ਦੀ ਪਹੁੰਚ ਵੀ ਪੰਜਾਬ ਦੇ ਮਸਲਿਆਂ ਲਈ ਖੜ੍ਹੇ ਸਿੱਖਾਂ ਨੂੰ ਫਿਰਕਾਪ੍ਰਸਤ ਐਲਾਨਣ ਤੱਕ ਹੈ।ਇਸ ਵਰਤਾਰੇ ਵਿੱਚ ਦਸਤਾਵੇਜ਼ੀ ਬਣਾਉਂਦੇ ਆਨੰਦ ਪਟਵਰਦਣ ਤੱਕ ਸ਼ਖਸੀਅਤਾਂ ਵੀ ਟਪਲਾ ਖਾਂਧੀਆਂ ਹਨ।ਜਿੰਨ੍ਹਾ ਫਿਲਮ ਬਣਾਉਣ ਵੇਲੇ ਪੰਜਾਬ ਸੰਘਰਸ਼ ਦੇ ਦੂਜੇ ਪਾਸੇ ਖੜ੍ਹੇ ਨੌਜਵਾਨ ਸਿੱਖ ਮੁੰਡਿਆਂ ਨੂੰ ਪਹਿਲਾਂ ਤੋਂ ਆਪਣੀ ਬਣਾਈ ਧਾਰਨਾ ਵਿੱਚ ਹੀ ਵੇਖਕੇ ਨਤੀਜੇ ਮੁਤਾਬਕ ਰਿਕਾਰਡ ਕੀਤਾ।

ਇਸ ਮਾਹੌਲ ਨੂੰ ਸਮਝਣ ਦੀ ਦੂਜੀ ਮਿਸਾਲ ਇਹ ਕਿ ਪੰਜਾਬ ਪੁਲਿਸ ਨੇ ਦਲਿਤ ਸੁਰਕਸ਼ਾ ਸੈਨਾ ਦੀ ਸ਼ਕਾਇਤ ‘ਤੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ‘ਤੇ ਦੇਸ਼ ਧ੍ਰੋਹ ਦਾ ਪਰਚਾ ਕੀਤਾ ਸੀ।

ਪਿਛਲੇ ਸਾਲ ਇਸੇ ਦਲਿਤ ਸੁਰਕਸ਼ਾ ਸੈਨਾ ਨੇ ਪੁਲਿਸ ਨੂੰ ਸੁਧੀਰ ਸੂਰੀ ਨੂੰ ਮਿਲੀ ਪੁਲਿਸ ਦੀ ਫੌਜ ਵਾਪਸ ਲੈਣ ਲਈ ਕਿਹਾ ਸੀ। ਪਰ ਦਲਿਤ ਸੁਰਕਸ਼ਾ ਸੈਨਾ ਦੀ ਇਹ ਗੱਲ ਨਹੀਂ ਮੰਨੀ ਗਈ। ਭਾਵੇਂ ਕਿ ਸੂਰੀ ‘ਤੇ ਬੀਬੀਆਂ, ਦਲਿਤਾਂ, ਮੁਸਲਮਾਨਾਂ ਅਤੇ ਸਿੱਖਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਛੇ ਪਰਚੇ ਨੇ। ਦਲਿਤ ਸੁਰਕਸ਼ਾ ਸੈਨਾ ਦਾ ਕਹਿਣਾ ਕਿ ਦਲਿਤ ਹੋਣ ਕਰਕੇ ਸੂਰੀ ਦੇ ਮਸਲੇ ‘ਚ ਪੁਲਿਸ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ।

ਦਿਲਚਸਪ ਗੱਲ ਇਹ ਹੈ ਕਿ ਉਹਨਾਂ ਸਾਲਾਂ ਵਿੱਚ ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਐਮ ਐਲ ਏ ਸਿਮਰਜੀਤ ਬੈਂਸ ਦੀ ਸਕਿਉਰਿਟੀ ਵਾਪਸ ਲੈ ਲਈ ਸੀ। ਪੁਲਿਸ ਦਾ ਕਹਿਣਾ ਸੀ ਕਿ ਬੈਂਸ ਦੇ ਨਿਹੰਗਾਂ ਬਾਰੇ ਇਕ ਬਿਆਨ ਨੇ ਪੁਲਿਸ ਦੇ ਹਿਰਦੇ ਵਲੂੰਧਰ ਦਿੱਤੇ ਸਨ। ਬੈਂਸ ਦੇ ਬਿਆਨ ਤੋਂ ਦੁਖੀ ਹੋ ਕੇ ਸਕਿਉਰਿਟੀ ਵਾਪਸ ਲੈ ਲਈ ਗਈ।

ਪਰ ਸੂਰੀ ਦੀ ਨਫ਼ਰਤ ਭਰੀ ਜ਼ੁਬਾਨ ਨਾਲ ਪੁਲਿਸ ਜਾਂ ਸਰਕਾਰ ਦਾ ਹਿਰਦਾ ਨਹੀਂ ਵਲੂੰਧਰਿਆ ਜਾਂਦਾ। ਇਸੇ ਕਰਕੇ ਪਰਚਾ ਦਰ ਪਰਚਾ ਹੋਣ ਤੋਂ ਬਾਅਦ ਵੀ ਸੂਰੀ ਕੋਲ ਪੰਜਾਬ ਦੇ ਹਰੇਕ ਐਮਐਲਏ ਨਾਲੋਂ ਜ਼ਿਆਦਾ ਸਕਿਉਰਿਟੀ ਹੈ।ਸੂਰੀ ਜਿਹੇ ਜਥੇਬੰਦੀ ਆਗੂ 8-8 ਕੇਸ ਭੁਗਤਦੇ 15 ਸੁੱਰਖਿਆ ਗਾਰਡਾਂ ਦੀ ਸਕਿਓਰਟੀ ਲਈ ਬੈਠੇ ਹਨ।

ਪੰਜਾਬ ਨੂੰ ਆਪਣੇ ਵਿਤਕਰੇ ਦੀ ਪੜਚੋਲ ਕਰਦਿਆਂ ਜੇ ਸਿਖਸ ਫਾਰ ਜਸਟਿਸ ਤੋਂ ਕਿਨਾਰਾ ਕਰਨ ਦੀ ਜ਼ਰੂਰਤ ਬਣਦੀ ਹੈ ਤਾਂ ਇੱਥੋਂ ਦੇ ਹਿੰਦੂ ਨੂੰ ਵੀ ਪੰਜਾਬ ਦੇ ਨਾਲ ਖੜ੍ਹਣ ਦੀ ਸਮਝ ਬਣਾਉਣੀ ਪਵੇਗੀ।ਇਹ ਖੜ੍ਹਣ ਦਾ ਅਰਥ ਫਿਕਰਾਪ੍ਰਸਤੀ ਤੋਂ ਮਨਫੀ ਕਰਨਾ ਪਵੇਗਾ।ਸਿੱਖਾਂ ਦੀ ਦਲੀਲ ਅਜਿਹੇ ‘ਚ ਵਾਜਬ ਵੀ ਬਣ ਜਾਂਦੀ ਹੈ ਕਿਉਂ ਕਿ ਕਈ ਮਸਲਿਆਂ ‘ਤੇ ਪੰਜਾਬ ਦਾ ਹਿੰਦੂ ਇਹਨੂੰ ਸਿੱਖਾਂ ਦਾ ਮਸਲਾ ਮੰਨ ਕਿਨਾਰਾ ਕਰ ਜਾਂਦਾ ਹੈ।

ਕੱਲ੍ਹ ਹੋਈ ਘਟਨਾ ਤੋਂ ਬਾਅਦ ਹਰੀਸ਼ ਸਿੰਗਲਾਂ ਖਿਲਾਫ ਹਿੰਦੂ ਭਾਈਚਾਰੇ ਦੇ ਬੰਦਿਆਂ ਨੇ ਵਿਰੋਧ ਕਰਕੇ ਮਿਸਾਲ ਪੇਸ਼ ਕੀਤੀ ਹੈ।ਕੱਲ੍ਹ ਦੀ ਦਰਜ ਹੋਈਆਂ ਘਟਨਾਵਾਂ ‘ਚ ਸਿੱਖ ਜਥੇਬੰਦੀਆਂ ਦੇ ਬਿਆਨ ਦਰਜ ਹਨ ਕਿ ਉਹਨਾਂ ਦਾ ਵਿਰੋਧ ਹਿੰਦੂਆਂ ਨਾਲ ਨਹੀਂ ਸ਼ਿਵ ਸੈਨਾ ਦੇ ਸੱਦੇ ਨਾਲ ਹੈ ਜੋ ਸਿੱਖਾਂ ਨੂੰ ਭੜਕਾਉਂਦਾ ਹੈ।ਪਟਿਆਲੇ ਦਾ ਕਾਲੀ ਮਾਤਾ ਮੰਦਿਰ ਕੱਲਕਤੇ ਤੋਂ ਮਿੱਟੀ ਲਿਆ ਮੂਰਤੀ ਸਥਾਪਿਤ ਕਰਨ ਵਾਲਾ ਕੋਈ ਹਿੰਦੂ ਨਹੀਂ ਮਹਾਰਾਜਾ ਪਟਿਆਲਾ ਹੀ ਸੀ। ਪੰਜਾਬ ਦੀ ਪੁਰ ਸਕੂਨ ਅਤੇ ਬੇਇਨਸਾਫੀ ਖਿਲਾਫ ਨਿੱਤਰਦੀ ਜ਼ੁਬਾਨ ਨੂੰ ਸਮਝਣਾ ਚਾਹੀਦਾ ਹੈ।

ਇੱਕ ਫੈਕਟ ਇਹ ਵੀ ਹੈ ਫਿਲਹਾਲ ਕਿ ਸ਼ਿਵ ਸੈਨਾ ਬਾਲ ਠਾਕਰੇ ਨੇ 20 ਅਪ੍ਰੈਲ ਨੂੰ ਹੀ ਸਿੰਗਲੇ ਦਾ ਵਿਰੋਧ ਕਰ ਦਿੱਤਾ ਸੀ ਇਸ ਮਸਲੇ ‘ਤੇ ਅਤੇ ਉਹਦੇ ਸੱਦੇ ਤੋਂ ਵੱਖ ਕਰ ਲਿਆ ਸੀ। ਗੁਰਪਤਵੰਤ ਸਿੰਘ ਪੰਨੂ ਦੇ ਕਈ ਐਕਸ਼ਨ ਸ਼ੱਕੀ ਰਹੇ ਹਨ। ਇਹ ਪੈਸੇ ਦਾ ਲਾਲਚ ਦੇ ਝੰਡਾ ਲਹਿਰਾਉਣ ਨੂੰ ਜਾਂ ਅਰਦਾਸ ਕਰਾਉਣ ਦੀ ਗੱਲ ਕਰਦਾ ਹੈ ਤਾਂ ਇਹ ਵੀ ਇੱਕ ਤਰ੍ਹਾਂ ਸਿੱਖਾਂ ਦੀ ਇੱਕ ਤਰ੍ਹਾਂ ਕਿਰਦਾਰ ਕੁਸ਼ੀ ਕਰਨ ਵਰਗਾ ਹੀ ਕੰਮ ਹੈ।

ਤਖ਼ਤ ਅਕਾਲ ਤਖ਼ਤ ਸਾਹਿਬ ‘ਤੇ ਹਰ ਸਾਲ 84 ਘੱਲੂਘਾਰੇ ਦੀ ਅਰਦਾਸ ਹੁੰਦੀ ਰਹੀ ਹੈ , ਇਹ ਕਿਸੇ ਲਾਲਚ ਦੀ ਥਾਂ ਨਿਰੋਲ ਜਬਰ ਦਾ ਵਿਰੋਧ ਕਰਨ ਦੀ ਭਾਵਨਾ ਹੈ ਪਰ ਪੰਨੂ ਦੇ ਐਕਸ਼ਨ ਵਿੱਚ ਇਸ ਗੱਲ ਨੂੰ ਪੈਸੇ ਦੇ ਨਾਲ ਜੋੜ ਕੇ ਪਰਚਾਰ ਕਰਨਾ ਸਿੱਖ ਨੌਜਵਾਨਾਂ ਦੀ ਕਿਰਦਾਰਕੁਸ਼ੀ ਵਰਗਾ ਹੀ ਕਾਰਾ ਰਿਹਾ ਹੈ।

ਖੈਰ ਇਸ ਵਿੱਚ ਸਿੱਖਾਂ ਨੂੰ,ਹਿੰਦੂਆਂ ਨੂੰ ਅਤੇ ਹੁਣ ਉੱਤਰ ਪ੍ਰਦੇਸ਼ ਤੋਂ ਤਰਬੀਅਤ ਲੈਕੇ ਪੰਜਾਬ ‘ਚ ਆਉਂਦੇ ਮੌਲਵੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਪੰਜਾਬ ਦੀ ਆਬੋ ਹਵਾ,ਵਿਰਾਸਤ,ਜ਼ੁਬਾਨ ਹੋਰ ਤਰ੍ਹਾਂ ਦੀ ਹੈ।ਸਾਡੀਆਂ ਧਾਰਨਾਵਾਂ ਵਿੱਚ ਮੁੱਢ ਕਦੀਮੀ ਇਤਿਹਾਸ ਹੈ।