ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ‘ਚ ਰੋਡ ਸ਼ੋਅ ਤੇ ਰੈਲੀਆਂ

Meet Hayer

ਸੰਗਰੂਰ/ਭਵਾਨੀਗੜ੍ਹ, 4 ਮਈ 2024: ਪੰਜਾਬ ‘ਚ ਲੋਕ ਸਭਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ | ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਕਿਹਾ ਕਿ ਪਿਛਲੇ ਚਾਰ ਸੀਜ਼ਨਾਂ ਵਾਂਗ ਇਸ ਵਾਰ ਵੀ ਕਣਕ ਦੀ ਖਰੀਦ ਦੇ ਸਫਲ ਪ੍ਰਬੰਧਾਂ ਸਦਕਾ ਕਿਸੇ ਵੀ ਕਿਸਾਨ ਨੂੰ ਕਣਕ ਵੇਚਣ ਲਈ ਮੰਡੀਆਂ ‘ਚ ਰੁਲਣ ਨਹੀਂ ਦਿੱਤਾ ਗਿਆ। ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨ ਹਿਤੈਸ਼ੀ ਹੋਣ ਦੇ ਬਹੁਤ ਦਾਅਵੇ ਕੀਤੇ ਗਏ ਪਰ ਕਿਸਾਨਾਂ ਦੀ ਅਸਲੀ ਬਾਂਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੜੀ ਹੈ।

ਮੀਤ ਹੇਅਰ (Meet Hayer) ਅੱਜ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਸਨ। ਅੱਜ ਸੰਗਰੂਰ ਹਲਕੇ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਭਵਾਨੀਗੜ੍ਹ ਬਲਾਕ ਦੇ ਬਾਲਦ ਕਲਾਂ, ਬਾਲਦ ਖੁਰਦ, ਥੰਮਨ ਸਿੰਘ ਵਾਲਾ, ਮੱਟਰਾਂ, ਮੁਨਸ਼ੀਵਾਲਾ, ਨਦਾਮਪੁਰ, ਮਸਾਨੀ, ਰਾਜਪੁਰਾ, ਫੁੰਮਣਵਾਲ, ਕਾਲਾਝਾੜ, ਚੰਨੋ, ਲੱਖੋਵਾਲ, ਭਰਾਜ, ਨੂਰਪੁਰਾ, ਖੇੜੀ ਗਿੱਲਾਂ, ਸ਼ਾਹਪੁਰ, ਭੜੋ, ਡੇਲੇਵਾਲ, ਬੀਬੜੀ ਆਦਿ ਪਿੰਡਾਂ ਵਿੱਚ ਕੱਢੇ ਗਏ ਰੋਡ ਸ਼ੋਅ ਅਤੇ ਰੈਲੀਆਂ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਇਆ। ਐਮ ਐਲ ਏ ਭਰਾਜ ਨੇ ਦੱਸਿਆ ਕਿ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਤੱਕ ਲਿਜਾ ਕੇ ਅਸੀਂ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਮੰਡੀਆਂ ਵਿੱਚ ਫਸਲਾਂ ਦੀ ਤੁਰੰਤ ਖਰੀਦ ਅਤੇ ਕੀਮਤ ਅਦਾ ਕਰਨ ਦੇ ਦਿੱਤੇ ਆਦੇਸ਼ਾਂ ਸਦਕਾ ਅੱਜ ਸਾਡਾ ਕਿਸਾਨ ਮੁੜ ਖੁਸ਼ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਝੋਨੇ ਦੀ ਲਵਾਈ ਦੇ ਸੀਜ਼ਨ ਵਿੱਚ ਵੀ ਸਰਕਾਰ ਝੋਨੇ ਦੀ ਫਸਲ ਲਈ ਨਿਰੰਤਰ ਤੇ ਪੂਰੀ ਬਿਜਲੀ ਮੁਹੱਈਆ ਕਰਵਾਏਗੀ। ਐਤਕੀਂ ਵੀ ਕਣਕ ਪਾਲਣ ਲਈ ਕਿਸਾਨਾਂ ਨੂੰ ਅੱਧੀ ਰਾਤ ਜਾਗਣਾ ਨਹੀਂ ਪਿਆ ਅਤੇ ਹੁਣ ਝੋਨੇ ਦੀ ਫਸਲ ਲਈ ਵੀ ਕਿਸਾਨਾਂ ਨੂੰ ਤੇਲ ਨਹੀਂ ਫੂਕਣਾ ਪਵੇਗਾ ਅਤੇ ਨਾ ਹੀ ਅੱਧੀ ਰਾਤ ਤੱਕ ਬਿਜਲੀ ਦੀ ਉਡੀਕ ਕਰਨੀ ਪਵੇਗੀ ਜਿਵੇਂ ਕਿ ਪਿਛਲੀਆਂ ਸਰਕਾਰਾਂ ਵੇਲੇ ਹੁੰਦਾ ਰਿਹਾ।

ਮੀਤ ਹੇਅਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਹੀ ਚੋਣਾਂ ਲੜ ਰਹੀ ਹੈ। ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਜਾ ਰਹੇ ਹਾਂ। ਮੀਤ ਹੇਅਰ ਨੇ ਕਿਹਾ ਕਿ ਆਉਣ ਵਾਲੇ ਤਿੰਨ ਸਾਲ ਸਰਕਾਰ ਜਿੱਥੇ ਪੰਜਾਬ ਨੂੰ ਮੁੜ ਪੈਰਾਂ ਉਤੇ ਖੜ੍ਹੇ ਕਰਨ ਲਈ ਹੋਰ ਵੀ ਕੰਮ ਕਰੇਗੀ ਉਥੇ ਪਾਰਲੀਮੈਂਟ ਵਿੱਚ ਸੰਗਰੂਰ ਤੇ ਪੰਜਾਬ ਦੀ ਅਵਾਜ਼ ਜ਼ੋਰਦਾਰ ਤਰੀਕੇ ਨਾਲ ਉਠਾਈ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।