ਚੰਡੀਗੜ੍ਹ, 19 ਜੂਨ 2023: ਪੰਜਾਬ ਵਿਧਾਨ ਸਭਾ (Punjab Vidhan Sabha) ਦੇ 2-ਰੋਜ਼ਾ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਇਸਦੇ ਨਾਲ ਹੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ 11 ਵਜੇ ਤੱਕ ਤੱਕ ਮੁਲਤਵੀ ਕਰ ਦਿੱਤੀ | ਇਸਦੇ ਨਾਲ ਹੀ ਖ਼ਬਰਾਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਭਲਕੇ ਵਿਸ਼ੇਸ਼ ਸ਼ੈਸ਼ਨ ਦੌਰਾਨ ਰਾਜ ਸਰਕਾਰ ਦੀਆਂ ਯੂਨੀਵਰਸਿਟੀਆਂ ਤੇ ਪੰਜਾਬ ਦੇ ਰਾਜਪਾਲ ਨੂੰ ਚਾਂਸਲਰ ਦੇ ਮਿਲੇ ਅਧਿਕਾਰਾਂ ਨੂੰ ਖ਼ਤਮ ਕਰਨ ਸੰਬੰਧੀ ਬਿੱਲ ਲੈ ਕੇ ਆ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਿੱਲ ਵਿਚ ਸੂਬੇ ਦੀਆਂ ਯੂਨੀਵਰਸਿਟੀਆਂ ਸੰਬੰਧੀ ਫੈਸਲੇ ਲੈਣ ਅਤੇ ਉਪ-ਕੁਲਪਤੀਆਂ ਦੀ ਨਿਯੁਕਤੀ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਅਧਿਕਾਰ ਹੋਣਗੇ ਅਤੇ ਰਾਜਪਾਲ ਦੀ ਕੋਈ ਵੀ ਦਖਲ-ਅੰਦਾਜ਼ੀ ਨਹੀਂ ਹੋਵੇਗੀ। ਇਸਦੇ ਨਾਲ ਹੀ ਪੰਜਾਬ ਵਿਧਾਨ ਸਭਾ ਚ ਇਹ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਦੇ ਰਾਜਪਾਲ ਨੂੰ ਹੀ ਮਨਜ਼ੂਰੀ ਲਈ ਭੇਜਿਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਇਸ ਗੱਲ ਤੋਂ ਜਾਣੂ ਹੈ ਕਿ ਰਾਜਪਾਲ ਆਪਣੇ ਵਿਰੁੱਧ ਵਿਧਾਨ ਸਭਾ ਵਿਚ ਲਿਆਂਦੇ ਗਏ ਬਿੱਲ ਨੂੰ ਮਨਜ਼ੂਰੀ ਨਹੀਂ ਦੇਣਗੇ । ਪਰ ਕਨੂੰਨੀ ਪ੍ਰਕਿਰਿਆ ਤਹਿਤ ਬਿੱਲ ਪਾਸ ਕਰਨ ਤੋਂ ਬਾਅਦ ਰਾਜਪਾਲ ਨੂੰ ਭੇਜਣਾ ਜ਼ਰੂਰੀ ਹੈ।
ਇਸਦੇ ਨਾਲ ਹੀ ਪੰਜਾਬ ਸਰਕਾਰ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਹਾਈਕੋਰਟ ਦਾ ਰੁਖ਼ ਕਰ ਸਕਦੀ ਹੈ । ਜ਼ਿਕਰਯੋਗ ਹੈ ਕਿ ਕੇਰਲਾ ਅਤੇ ਪੱਛਮੀ ਬੰਗਾਲ ਦੀਆਂ ਸੂਬਾ ਸਰਕਾਰਾਂ ਵੱਲੋਂ ਵੀ ਸੂਬੇ ਦੇ ਅਧਿਕਾਰਾਂ ਨੂੰ ਵਧਾਉਣ ਲਈ ਇਸੇ ਤਰਾਂ ਦੇ ਬਿੱਲ ਵਿਧਾਨ ਸਭਾ ਵਿਚ ਪਾਸ ਕੀਤੇ ਜਾ ਚੁੱਕੇ ਹਨ।
ਦੂਜੇ ਪਾਸੇ ਦੂਜੇ ਪਾਸੇ ਪੰਜਾਬ ਭਾਜਪਾ ਨੇ ਇਸ ਇਜਲਾਸ ਦਾ ਬਾਈਕਾਟ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ 2 ਰੋਜ਼ਾ ਇਜਲਾਸ ਸੱਦਿਆ ਹੈ | ਉਨ੍ਹਾਂ ਕਿਹਾ ਨਸ਼ੇ ਦੇ ਮੁੱਦੇ ‘ਤੇ ਵ੍ਹਾਈਟ ਪੇਪਰ ਲਿਆਉਣਾ ਚਾਹੀਦਾ ਸੀ, ਪਹਿਲਾਂ ਇਜਲਾਸ ‘ਚ ਲਿਆਂਦੇ ਮਤਿਆਂ ਦਾ ਕੀ ਹੋਇਆ ? , ਉਨ੍ਹਾਂ ਕਿਹਾ ਭਾਜਪਾ ਅਜਿਹੇ ਇਜਲਾਸ ਵਿੱਚ ਹਿੱਸਾ ਨਹੀਂ ਲਵੇਗੀ |
ਇਥੇ ਜ਼ਿਕਰਯੋਗ ਹੈ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਇਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੱਤਰ ਲਿਖਿਆ ਹੈ। ਇਸ ਵਿਚ ਰਾਜਪਾਲ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਸੈਸ਼ਨ ਬੁਲਾਉਣ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਇਜਲਾਸ ਵਿੱਚ ਕੋਈ ਵਿਸ਼ੇਸ਼ ਕੰਮ ਨਹੀਂ ਤਾਂ ਇਸ ਨੂੰ ਬੁਲਾਉਣ ਦੀ ਕੀ ਲੋੜ ਸੀ। ਇਸ ਦੇ ਨਾਲ ਹੀ ਉਨ੍ਹਾਂ ਸਪੀਕਰ ਤੋਂ ਇਸ ਸੈਸ਼ਨ ਦਾ ਵੇਰਵਾ ਵੀ ਮੰਗਿਆ ਹੈ।