ਚੰਡੀਗ੍ਹੜ 01 ਜੂਨ 2022: 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( Sidhu Moosewala) ‘ਤੇ ਜਾਨਲੇਵਾ ਹਮਲਾ ਹੋਇਆ ਜਿਸ ‘ਚ ਉਨ੍ਹਾਂ ਦੇ ਸਾਥੀ ਗੁਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ | ਇਨ੍ਹਾਂ ਨੂੰ ਇਸ ਸਮੇਂ ਡੀ.ਐੱਮ.ਸੀ. ਲੁਧਿਆਣਾ ਵਿਖੇ ਇਲਾਜ ਕੀਤਾ ਜਾ ਰਿਹਾ ਹੈ | ਦੱਸਿਆ ਜਾ ਰਿਹਾ ਕਿ ਇਨ੍ਹਾਂ ਜਖ਼ਮੀਆਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ।
ਇਸ ਦੌਰਾਨ ‘ਆਪ’ ਦੇ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜ਼ਖ਼ਮੀ ਨੌਜਵਾਨਾਂ ਦਾ ਹਾਲ ਚਾਲ ਪੁੱਛਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਾਬਤਾ ਕਾਇਮ ਕਰ ਕੇ ਜ਼ਖ਼ਮੀਆਂ ਦਾ ਇਲਾਜ ਦਾ ਖ਼ਰਚਾ ਸਰਕਾਰ ਵਲੋਂ ਚੁੱਕਣ ਦੀ ਅਪੀਲ ਵੀ ਕੀਤੀ ਹੈ ।ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਦੋਵੇਂ ਜ਼ਖ਼ਮੀਆਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ।
ਜਿਕਰਯੋਗ ਹੈ ਕਿ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜਿੱਥੇ ਬੀਤੀ ਦੇਰ ਸ਼ਾਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਉਨ੍ਹਾਂ ਦੇ ਘਰ ਹਮਦਰਦੀ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਇਸਦੇ ਨਾਲ ਹੀ ਉਹ ਅੱਜ ਸਵੇਰੇ ਅੰਗੀਠਾ ਸੰਭਾਲਨ ਦੀ ਰਸਮ ’ਚ ਵੀ ਸ਼ਾਮਿਲ ਹੋਏ ਹਨ।
ਇਸ ਦੌਰਾਨ ਵਿਧਾਇਕ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਨ੍ਹਾਂ ਨਾਲ ਡਟ ਕੇ ਖੜ੍ਹੇਗੀ। ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ‘ਆਪ’ ਦੇ ਕਿਸੇ ਵੀ ਵੱਡੇ ਛੋਟੇ ਆਗੂ ਵਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਨਾ ਪ੍ਰਗਟਾਉਣ ਅਤੇ ਅੰਤਿਮ ਸਸਕਾਰ ’ਚ ਸ਼ਾਮਿਲ ਨਾ ਹੋਣ ਕਰ ਕੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਸੀ।