ਖੰਨਾ, 12 ਜੁਲਾਈ 2023: ਭਾਰੀ ਮੀਂਹ ਦੀ ਮਾਰ ਹੇਠ ਆਏ ਪੰਜਾਬ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਹੈ, ਕਿ ਪਾਣੀ ਦੀ ਮਾਰ ਝੇਲ ਰਹੇ ਪਿੰਡਾਂ ਨੂੰ ਬਚਾਉਣ ਲਈ ਤੁਰੰਤ ਨੋਡਲ ਅਫ਼ਸਰ ਨਿਯੁਕਤ ਕਰਦੇ ਹੋਏ ਪਾਣੀ ਵਿੱਚ ਘਿਰੇ ਹੋਏ ਇਨ੍ਹਾਂ ਪਿੰਡਾਂ ਅੰਦਰ ਜੰਗੀ ਪੱਧਰ ਜੰਗੀ ਪੱਧਰ ’ਤੇ ਰਾਹਤ ਕਾਰਜ਼ ਆਰੰਭਣੇ ਚਾਹੀਦੇ ਹਨ।
ਪਾਣੀ ਦੀ ਮਾਰ ਝੱਲ ਰਹੇ ਸਮਰਾਲਾ ਨੇੜਲੇ ਪਿੰਡ ਬੌਂਦਲੀ ਵਿਖੇ ਪ੍ਰਭਾਵਿਤ ਹੋਏ ਕਿਸਾਨਾਂ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਉਨ੍ਹਾਂ ਸੰਕਟ ਵਿੱਚ ਫੱਸੇ ਪਿੰਡ ਵਾਸੀਆਂ ਨੂੰ ਪਾਣੀ ਦੀ ਮਾਰ ਹੇਠੋਂ ਕੱਢਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਪਿੱਛਲੇ ਚਾਰ ਦਿਨਾਂ ਤੋਂ ਇਹ ਪਿੰਡ ਡੂੰਘੇ ਪਾਣੀ ਵਿੱਚ ਘਿਰਿਆ ਹੋਇਆ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਕਈ-ਕਈ ਫੁੱਟ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਪ੍ਰੰਤੂ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਅਤੇ ਲੋਕ ਪਿੰਡ ਨੂੰ ਬਚਾਉਣ ਲਈ ਪੁਲੀਆਂ ਤੌੜ ਕੇ ਜਲਦੀ ਪਾਣੀ ਬਾਹਰ ਕੱਢਣ ਦੀ ਲਗਾਤਾਰ ਮੰਗ ਕਰ ਰਹੇ ਹਨ।
ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ, ਬੌਂਦਲੀ ਪਿੰਡ ਸਮੇਤ ਉਹ ਹੋਰ ਵੀ ਜਿੱਥੇ-ਜਿੱਥੇ ਗਏ ਹਨ ਸੱਭ ਪਾਸੇ ਇਹੋਂ ਜਿਹੇ ਹੀ ਹਾਲਾਤ ਹਨ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਹਾਲਤ ਹੋਰ ਵੀ ਖ਼ਰਾਬ ਹੈ ਅਤੇ ਉਹ ਰੋਜੀ-ਰੋਟੀ ਤੋਂ ਵੀ ਮੁਹਤਾਜ ਹੋ ਚੁੱਕੇ ਹਨ, ਪਰ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਰਾਸ਼ਨ ਜਾ ਕੋਈ ਹੋਰ ਸਹਾਇਤਾ ਨਹੀਂ ਦਿੱਤੀ ਗਈ।
ਉਨ੍ਹਾਂ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਢੁੱਕਵੇ ਮੁਆਵਜੇ ਦੀ ਮੰਗ ਕਰਦਿਆ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ, ਕਈ-ਕਈ ਦਿਨ੍ਹਾਂ ਤੋਂ ਪਾਣੀ ਦੀ ਮਾਰ ਝੱਲ ਰਹੇ ਪਿੰਡਾਂ ਵਿੱਚ ਪ੍ਰਸਾਸ਼ਨ ਵੱਲੋਂ ਜ਼ਮੀਨੀ ਪੱਧਰ ’ਤੇ ਕੋਈ ਉਪਰਲਾ ਨਹੀਂ ਕੀਤਾ ਜਾ ਰਿਹਾ ਅਤੇ ਹੁਣ ਲੋਕ ਰਾਹਤ ਲਈ ਹੋਰ ਉਡੀਕ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੋਈ ਹੜ੍ਹਾਂ ਪ੍ਰਭਾਵਿਤ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਲਗਾਤਾਰ ਹਾਂ ਦਾ ਨਾਅਰਾ ਮਾਰਦੇ ਹੋਏ ਸਰਕਾਰ ਤੱਕ ਉਨ੍ਹਾਂ ਦੀ ਗੱਲ ਪਹੁੰਚਾਉਣ ਲਈ ਰੌਲਾ ਪਾ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਲੋਕਸਭਾ ਮੈਂਬਰ ਡਾ. ਅਮਰ ਸਿੰਘ, ਹਲਕਾ ਸਮਰਾਲਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਮੁੱਚੀ ਕਾਂਗਰਸ ਪਾਰਟੀ ਮੁਸ਼ਕਲ ਦੀ ਇਸ ਘੜੀ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਅਤੇ ਆਪਣੇ ਪੱਧਰ ’ਤੇ ਸਾਰੇ ਹੀ ਆਗੂ ਤੇ ਵਰਕਰ ਮੁਸੀਬਤ ਵਿੱਚ ਫੱਸੇ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਤੱਤਪਰ ਹਨ।