July 4, 2024 8:01 pm
Raizada Hansraj Badminton Stadium

ਪੰਜਾਬ ਸਰਕਾਰ ਨੇ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਜਾਰੀ ਕੀਤੀ ਹੁਣ ਤੱਕ ਦੀ ਸਭ ਤੋਂ ਵੱਡੀ ਗ੍ਰਾਂਟ

ਜਲੰਧਰ, 22 ਜੂਨ 2023: ਪੰਜਾਬ ਵਿੱਚ ਖੇਡਾਂ ਦੇ ਵਿਕਾਸ ਲਈ ਵਚਨਬੱਧ ਮਾਨ ਸਰਕਾਰ ਨੇ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ (Raizada Hansraj Badminton Stadium)  ਲਈ 23.16 ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਗ੍ਰਾਂਟ ਨਾਲ ਸਟੇਡੀਅਮ ਵਿੱਚ ਕਈ ਜ਼ਰੂਰੀ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ। ਡੀਬੀਏ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਮੁੱਖਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅੱਜ ਤੱਕ ਹੰਸਰਾਜ ਬੈਡਮਿੰਟਨ ਸਟੇਡੀਅਮ ਦੇ ਇਤਿਹਾਸ ਵਿੱਚ ਇੰਨੀ ਵੱਡੀ ਗ੍ਰਾਂਟ ਨਹੀਂ ਮਿਲੀ ਇਸ ਲਈ ਉਹ ਦਿਲ ਤੋਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਖੇਡ ਵਿਭਾਗ ਨੇ ਡੀਸੀ ਜਲੰਧਰ ਵਿਸ਼ੇਸ਼ ਸਰੰਗਲ ਨੂੰ 23.16 ਲੱਖ ਰੁਪਏ ਭੇਜ ਦਿੱਤੇ ਹਨ ਅਤੇ ਡੀਸੀ ਨੇ ਇਹ ਰਕਮ ਪੀਡਬਲਯੂਡੀ ਵਿਭਾਗ ਨੂੰ ਟੈਂਡਰ ਜਾਰੀ ਕਰਕੇ ਕੰਮ ਨੂੰ ਤੁਰੰਤ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਉਹਨਾਂ ਨੇ ਦੱਸਿਆ ਕਿ ਇਸ ਰਕਮ ਨਾਲ ਸਟੇਡੀਅਮ ਦੇ ਵੱਖ-ਵੱਖ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਨਵਾਂ ਸਿੰਥੈਟਿਕ ਕੋਰਟ ਬਣਾਉਣਾ, ਹੋਸਟਲ ਬਲਾਕ ਦਾ ਆਧੁਨਿਕੀਕਰਨ ਕਰਨਾ ਅਤੇ ਜਿਮਨੇਜਿਅਮ ਨੂੰ ਵੱਡਾ ਕਰਨਾ ਸ਼ਾਮਿਲ ਹੈ। ਮੌਜੂਦਾ ਸਮੇਂ ਵਿੱਚ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਪੰਜ ਸਿੰਥੈਟਿਕ ਕੋਰਟ ਲੱਗੇ ਹਨ ਅਤੇ ਵੱਖ-ਵੱਖ ਸ਼ਿਫਟਾਂ ਵਿਚ ਸੈਕੜੇ ਖਿਡਾਰੀ ਇਥੇ ਅਭਿਆਸ ਕਰਦੇ ਹਨ। ਇਸਦੇ ਬਾਵਜੂਦ ਕੋਰਟ ਘੱਟ ਹੋਣ ਦੀ ਵਜ੍ਹਾ ਨਾਲ ਐਸੋਸੀਏਸ਼ਨ ਕਈ ਖਿਡਾਰੀਆਂ ਨੂੰ ਦਾਖਲਾ ਨਹੀਂ ਦੇ ਪਾ ਰਹੀ ਸੀ ਜੋਕਿ ਇਥੇ ਅਭਿਆਸ ਕਰਨਾ ਚਾਹੁੰਦੇ ਹਨ।

ਇਸ ਲਈ ਇੱਕ ਹੋਰ ਨਵਾਂ ਸਿੰਥੈਟਿਕ ਕੋਰਟ ਦੇ ਬਣ ਜਾਣ ਨਾਲ ਜ਼ਿਆਦਾ ਖਿਡਾਰੀ ਸਟੇਡੀਅਮ ਵਿਚ ਅਭਿਆਸ ਕਰ ਸਕਣਗੇ। ਛੇਵੇਂ ਸਿੰਥੈਟਿਕ ਕੋਰਟ ਨਾਲ ਇਥੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਕਰਵਾਉਣ ਦਾ ਵੀ ਰਸਤਾ ਸਾਫ ਹੋ ਜਾਵੇਗਾ। ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਹੁਣ ਜਿਮਨੇਜੀਅਮ ਦਾ ਆਕਾਰ ਵੱਡਾ ਕਰਕੇ ਇਸਨੂੰ ਆਧੁਨਿਕ ਮਸ਼ੀਨਾਂ ਨਾਲ ਲੈਸ ਕੀਤਾ ਜਾਵੇਗਾ। ਸਟੇਡੀਅਮ ਦੇ ਹੋਸਟਲ ਬਲਾਕ ਦਾ ਵੀ ਨਵੀਨੀਕਰਨ ਹੋਵੇਗਾ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਖਿਡਾਰੀ ਜਲੰਧਰ ਆ ਕੇ ਲੋੜੀਂਦੀ ਸਿੱਖਿਆ ਹਾਸਿਲ ਕਰ ਸਕਣਗੇ। ਐਸੋਸੀਏਸ਼ਨ ਦੀ ਮਦਦ ਕਰਨ ਲਈ ਡੀਬੀਏ ਦੇ ਸਕੱਤਰ ਰਿਤਿਨ ਖੰਨਾ ਨੇ ਖੇਡ ਮੰਤਰੀ ਮੀਤ ਹੇਅਰ ਦਾ ਧੰਨਵਾਦ ਕੀਤਾ ਅਤੇ ਕਿਹਾ ਇਹ ਕਦਮ ਉਹਨਾਂ ਦੇ ਬੈਡਮਿੰਟਨ ਪ੍ਰੇਮ ਨੂੰ ਦਰਸਾਉਂਦਾ ਹੈ।

ਹੰਸਰਾਜ ਬੈਡਮਿੰਟਨ ਸਟੇਡੀਅਮ ਉੱਤਰ ਭਾਰਤ ਵਿੱਚ ਬੈਡਮਿੰਟਨ ਖਿਡਾਰੀਆਂ ਲਈ ਹੱਬ ਬਣ ਚੁੱਕਾ ਹੈ। ਇਥੇ 5 ਸਿੰਥੈਟਿਕ ਕੋਰਟ ਹਨ ਅਤੇ ਛੇਵਾਂ ਬਣਨ ਵਾਲਾ ਹੈ। ਖਿਡਾਰੀਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਉਣ ਲਈ ਇਥੇ ਰੈਸਟੋਰੈਂਟ ਹੈ। ਸਟੇਡੀਅਮ ਵਿਚ ਓਲੰਪਿਅਨ ਦੀਪਾਂਕਰ ਅਕੈਡਮੀ ਦੇ ਜਰੀਏ ਖਿਡਾਰੀ ਬੈਡਮਿੰਟਨ ਦੀਆਂ ਨਵੀਆਂ ਤਕਨੀਕਾਂ ਸਿੱਖ ਕੇ ਖੁਦ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰ ਰਹੇ ਹਨ। ਇਥੇ ਫਿਜੀਓਥੈਰੇਪੀ ਸੈਂਟਰ ਵੀ ਹੈ ਜਿੱਥੇ ਖਿਡਾਰੀਆਂ ਦੇ ਜ਼ਖ਼ਮੀ ਹੋਣ ’ਤੇ ਤੁਰੰਤ ਇਲਾਜ ਕੀਤਾ ਜਾਂਦਾ ਹੈ।

ਸਟੇਡੀਅਮ (Raizada Hansraj Badminton Stadium) ਵਿੱਚ ਸਪੋਰਟਸ ਸ਼ਾਪ ਵੀ ਹੈ ਜਿੱਥੇ ਸਸਤੀਆਂ ਕੀਮਤਾਂ ’ਤੇ ਖੇਡ ਸਮੱਗਰੀ ਆਸਾਨੀ ਨਾਲ ਖਿਡਾਰੀਆਂ ਨੂੰ ਮਿਲ ਜਾਂਦੀ ਹੈ। ਹੰਸਰਾਜ ਸਟੇਡੀਅਮ ਦਾ ਇਹ ਨਵੀਨੀਕਰਨ ਪਿਛਲੇ ਤਿੰਨ ਸਾਲਾਂ ਵਿੱਚ ਅੰਤਰਿਮ ਕਮੇਟੀ ਦੀ ਦੇਖਰੇਖ ਵਿੱਚ ਹੋਇਆ। ਇਥੇ ਜਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਸਰਕਾਰ ਚ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਸਟੇਡੀਅਮ ਪੁੰਜੇ ਸਨ ਅਤੇ ਓਹਨਾ ਨੇ ਵੀ ਕਮੇਟੀ ਵੱਲੋਂ ਕਿੱਤੇ ਕੰਮਾਂ ਦੀ ਤਾਰੀਫ ਕੀਤੀ ਸੀ।