July 7, 2024 8:12 pm
Bhagwant Mann

ਪੰਜਾਬ ਸਰਕਾਰ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਲਈ ਪੰਜਾਬ ਰਾਜਪਾਲ ਨੂੰ 5 ਮੈਂਬਰੀ ਪੈਨਲ ਭੇਜਿਆ

ਚੰਡੀਗੜ੍ਹ, 06 ਜੂਨ 2023: ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ (Baba Farid University)  ਦੇ ਵਾਈਸ ਚਾਂਸਲਰ (ਵੀਸੀ) ਦੀ ਨਿਯੁਕਤੀ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਾ ਪੁਰੋਹਿਤ ਨੂੰ 5 ਮੈਂਬਰੀ ਪੈਨਲ ਭੇਜਿਆ ਹੈ। ਪੰਜਾਬ ਰਾਜਪਾਲ ਜਲਦੀ ਹੀ ਪੈਨਲ ਵਿੱਚੋਂ ਇੱਕ ਮੈਂਬਰ ਦੇ ਨਾਮ ‘ਤੇ ਮੋਹਰ ਲਗਾ ਸਕਦੇ ਹਨ |

ਪੈਨਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਵਿੱਚ ਪੀਜੀਆਈ ਦੇ ਡੀਨ ਪ੍ਰੋਫੈਸਰ ਰਾਕੇਸ਼ ਸਹਿਗਲ, ਪੀਜੀਆਈ ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇ.ਕੇ ਅਗਰਵਾਲ, ਚੰਡੀਗੜ੍ਹ ਜੀਐਮਸੀਐਚ-32 ਮਾਈਕਰੋਬਾਇਓਲੋਜੀ ਵਿਭਾਗ ਦੇ ਸਾਬਕਾ ਐਚਓਡੀ ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋ. ਰਾਜੀਵ ਸੂਦ ਹਨ।

ਪੰਜਾਬ ਦੇ ਰਾਜਪਾਲ ਨੂੰ ਪੈਨਲ ਭੇਜਣ ਤੋਂ ਪਹਿਲਾਂ ਮੁੱਖ ਸਕੱਤਰ ਵੀ.ਕੇ ਜੰਜੂਆ ਦੀ ਅਗਵਾਈ ਵਾਲੀ ਕਮੇਟੀ ਨੇ ਸਾਰੇ ਪੰਜ ਨਾਵਾਂ ‘ਤੇ ਚਰਚਾ ਕੀਤੀ ਸੀ। ਸਾਰਿਆਂ ਦੀ ਸਹਿਮਤੀ ਤੋਂ ਬਾਅਦ ਕਿਸੇ ਇੱਕ ਨਾਂ ‘ਤੇ ਫੈਸਲੇ ਲਈ ਫਾਈਲ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤੀ ਗਈ। ਰਾਜਪਾਲ ਇੱਕ ਹਫ਼ਤੇ ਦੇ ਅੰਦਰ ਕਿਸੇ ਇੱਕ ਨਾਮ ‘ਤੇ ਮੋਹਰ ਲਗਾ ਸਕਦੇ ਹਨ । ਪੰਜਾਬ ਦੇ ਰਾਜਪਾਲ ਨੇ 7-8 ਜੂਨ ਨੂੰ ਪੰਜਾਬ ਦੇ ਸਰਹੱਦੀ ਖੇਤਰ ਦਾ ਦੌਰਾ ਕਰਨਾ ਹੈ। ਜੇਕਰ ਅੱਜ ਉਨ੍ਹਾਂ ਦੇ ਨਾਂ ‘ਤੇ ਮੋਹਰ ਨਹੀਂ ਲੱਗੀ ਤਾਂ ਸਰਹੱਦੀ ਖੇਤਰ ਦੇ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਹੀ ਕਿਸੇ ਇਕ ਨਾਂ ‘ਤੇ ਫੈਸਲਾ ਲਿਆ ਜਾਵੇਗਾ।

ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ (Baba Farid University) ਦੇ ਸਾਬਕਾ ਵੀਸੀ ਡਾ: ਰਾਜ ਬਹਾਦਰ ਨੂੰ ਅਚਨਚੇਤ ਚੈਕਿੰਗ ਦੌਰਾਨ ਗੰਦੇ ਗੱਦੇ ‘ਤੇ ਲਿਟਾ ਦਿੱਤਾ ਸੀ । ਉਨ੍ਹਾਂ ਦੀ ਮੁਲਾਕਾਤ ਦਾ ਵੀਡੀਓ ਵੀ ਵਾਇਰਲ ਹੋਈ ਸੀ। ਇਸ ਘਟਨਾ ਤੋਂ ਦੁਖੀ ਹੋ ਕੇ ਡਾਕਟਰ ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਹੀ ਯੂਨੀਵਰਸਿਟੀ ਦੇ ਸਥਾਈ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ।