June 28, 2024 12:14 pm
Investors Summit

ਪੰਜਾਬ ਵਜ਼ਾਰਤ ਵੱਲੋਂ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਨੂੰ ਹਰੀ ਝੰਡੀ

ਚੰਡੀਗੜ੍ਹ, 21 ਫਰਵਰੀ 2023: ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿੱਚ ਪ੍ਰਾਈਵੇਟ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ (Punjab State Adventure Tourism Policy) ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਇਹ ਨੀਤੀ ਐਡਵੈਂਚਰ ਟੂਰਿਜ਼ਮ ਪ੍ਰੋਜੈਕਟਾਂ ਦੀ ਪ੍ਰਵਾਨਗੀ ਲਈ ਇੱਕ ਪਾਰਦਰਸ਼ੀ ਵਿਧੀ ਪ੍ਰਦਾਨ ਕਰਦੀ ਹੈ ਜਿਸ ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਇੱਕ ਅਧਿਕਾਰਤ ਕਮੇਟੀ ਅਤੇ ਵੱਖ-ਵੱਖ ਮਾਪਦੰਡਾਂ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ ਜਿਸ ਦੇ ਆਧਾਰ ‘ਤੇ ਹਰੇਕ ਪ੍ਰੋਜੈਕਟ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਨੀਤੀ ਜ਼ਰੀਏ ਸਿੰਗਲ-ਵਿੰਡੋ ਸਿਸਟਮ ਦੇ ਨਾਲ-ਨਾਲ ਵੱਖ-ਵੱਖ ਪੱਧਰਾਂ ‘ਤੇ ਅੰਤਰ-ਵਿਭਾਗੀ ਤਾਲਮੇਲ ਨੂੰ ਸੁਖਾਲਾ ਬਣਾਇਆ ਗਿਆ ਹੈ।

ਇਸ ਪਾਲਿਸੀ ਅਨੁਸਾਰ, ਸ਼ੁਰੂਆਤੀ ਪੱਧਰ ‘ਤੇ ਸੂਬੇ ਵਿੱਚ ਐਡਵੈਂਚਰ ਸਪੋਰਟਸ ਸ਼ੁਰੂ ਕਰਨ ਦੀ ਇਜਾਜ਼ਤ ਮਾਨਤਾ ਪ੍ਰਾਪਤ ਨੈਸ਼ਨਲ ਐਡਵੈਂਚਰ ਸਪੋਰਟ ਫੈਡਰੇਸ਼ਨਜ਼ ਨੂੰ ਦਿੱਤੀ ਜਾਵੇਗੀ ਕਿਉਂਕਿ ਉਹ ਸੁਰੱਖਿਆ ਸਬੰਧੀ ਮੁੱਦਿਆਂ ਨੂੰ ਬਿਹਤਰ ਢੰਗ ਨਾਲ ਨਜਿੱਠ ਸਕਦੀਆਂ ਹਨ। ਸੂਬੇ ਵਿੱਚ ਐਡਵੈਂਚਰ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਜਿੱਥੋਂ ਤੱਕ ਸੰਭਵ ਹੋ ਸਕੇ, ਥਾਵਾਂ ਦੋ ਸਾਲਾਂ ਦੀ ਮਿਆਦ ਲਈ ਮੁਫ਼ਤ ਦਿੱਤੀਆਂ ਜਾਣਗੀਆਂ। ਜਿਹਨਾਂ ਖੇਤਰਾਂ ਵਿੱਚ ਇਹ ਖੇਡਾਂ ਕਰਵਾਈਆਂ ਜਾਣਗੀਆਂ, ਉਹਨਾਂ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਹੋਣ ਦੇ ਨਾਲ-ਨਾਲ ਸਮੁੱਚੀ ਆਰਥਿਕ ਪ੍ਰਗਤੀ ਹੋਵੇਗੀ।