ਚੰਡੀਗੜ੍ਹ, 11 ਮਈ 2024: ਸੰਯੁਕਤ ਰਾਸ਼ਟਰ ਅਸੈਂਬਲੀ ‘ਚ ਫਿਲੀਸਤੀਨ (Palestine) ਨੂੰ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਜ਼ਰਾਇਲੀ ਰਾਜਦੂਤ ਗਿਲਾਡ ਏਰਡਾਨ ਨਾਰਾਜ਼ ਹੋ ਗਏ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸੰਯੁਕਤ ਰਾਸ਼ਟਰ ਦੇ ਚਾਰਟਰ ਨੂੰ ਪਾੜ ਦਿੱਤਾ। ਉਨ੍ਹਾਂ ਕਿਹਾ ਕਿ ਚਾਰਟਰ ਨੂੰ ਪਾੜ ਕੇ ਉਹ ਸੰਯੁਕਤ ਰਾਸ਼ਟਰ ਨੂੰ ਸ਼ੀਸ਼ਾ ਦਿਖਾ ਰਹੇ ਹਨ।
ਦਰਅਸਲ ਸ਼ੁੱਕਰਵਾਰ ਨੂੰ ਅਰਬ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਫਿਲੀਸਤੀਨ (Palestine) ਨੂੰ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਜਿਸ ਨੂੰ ਭਾਰਤ ਸਮੇਤ 143 ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਇਜ਼ਰਾਈਲ ਸਮੇਤ ਸਿਰਫ 9 ਦੇਸ਼ਾਂ ਨੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ । ਇਸ ਮਤੇ ਦੇ ਪਾਸ ਹੋਣ ਨਾਲ ਫਿਲੀਸਤੀਨ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਨ ਦੇ ਯੋਗ ਹੋ ਗਿਆ ਹੈ।
ਇਜ਼ਰਾਇਲੀ ਰਾਜਦੂਤ ਗਿਲਾਡ ਏਰਡਾਨ ਨੇ ਫਲਸਤੀਨ ਨੂੰ ਮੈਂਬਰ ਬਣਾਉਣ ਦੇ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਦੱਸਿਆ ਹੈ। ਉਨ੍ਹਾਂ ਕਿਹਾ, “ਇਹ ਦਿਨ ਸੰਯੁਕਤ ਰਾਸ਼ਟਰ ਲਈ ਬਦਨਾਮੀ ਦੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਪੂਰੀ ਦੁਨੀਆ ਇਸ ਪਲ ਨੂੰ ਯਾਦ ਰੱਖੇ, ਇਸ ਅਨੈਤਿਕ ਕੰਮ ਨੂੰ ਵੀ । ਇਹ ਇੱਕ ਵਿਨਾਸ਼ਕਾਰੀ ਵੋਟ ਹੈ। ਤੁਸੀਂ ਆਪਣੇ ਹੱਥਾਂ ਨਾਲ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ।
ਹਮਾਸ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, “ਸੰਯੁਕਤ ਰਾਸ਼ਟਰ ਨੇ ਆਧੁਨਿਕ ਨਾਜ਼ੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਲਈ ਮੈਂ ਤੁਹਾਨੂੰ ਤੁਹਾਡੀ ਵੋਟ ਦਾ ਨਤੀਜਾ ਦੱਸਣ ਆਇਆ ਹਾਂ। ਤੁਸੀਂ ਛੇਤੀ ਹੀ ਫਿਲੀਸਤੀਨ ਦੇ ਰਾਸ਼ਟਰਪਤੀ ਯਾਹਿਆ ਸਿਨਵਰ ਨਾਲ ਮੁਲਾਕਾਤ ਕਰੋਗੇ। ਜੋ ਤੁਹਾਡਾ ਧੰਨਵਾਦ ਕਰਨਗੇ । ਕਤਰ ਦੇ ਨਿਊਜ਼ ਚੈਨਲ ਅਲਜਜ਼ੀਰਾ ਦੇ ਮੁਤਾਬਕ, ਦੁਨੀਆ ਵਿੱਚ ਇੱਕ ਸੁਤੰਤਰ ਦੇਸ਼ ਦੇ ਰੂਪ ਵਿੱਚ ਮਾਨਤਾ ਹਾਸਲ ਕਰਨ ਦੀ ਦਿਸ਼ਾ ਵਿੱਚ ਫਿਲੀਸਤੀਨ ਦਾ ਇਹ ਪਹਿਲਾ ਕਦਮ ਹੈ।