July 4, 2024 11:58 pm

ਮੈਡੀਕਲ ਦੀ ਪੜ੍ਹਾਈ ਕਰ ਰਹੇ ਸਿੱਖ ਨੌਜਵਾਨ ਦੀ ਮੌਤ ਦੀ ਸਹੀ ਤਰੀਕੇ ਹੋਵੇ ਜਾਂਚ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਨਵੀਂ ਦਿੱਲੀ, 7 ਅਗਸਤ (ਦਵਿੰਦਰ ਸਿੰਘ) 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਡੀ ਜੀ ਪੀ ਉਮੇਸ਼ ਮਿਸ਼ਰਾ ਨੂੰ ਅਪੀਲ ਕੀਤੀ ਹੈ ਕਿ ਰਾਜਸਥਾਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਿੱਖ ਨੌਜਵਾਨ ਦੀ ਮੌਤ ਦੀ ਸਹੀ ਤਰੀਕੇ ਜਾਂਚ ਕਰਵਾਈ ਜਾਵੇ।

ਮੁੱਖ ਮੰਤਰੀ ਤੇ ਡੀ ਜੀ ਪੀ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ 18 ਸਾਲਾਂ ਦੇ ਸਿੱਖ ਨੌਜਵਾਨ ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਮਨਜੋਤ ਸਿੰਘ ਦੀ ਕੋਟਾ ਰਾਜਸਥਾਨ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋਈ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਰਾਜਸਥਾਨ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਖੁਦਕੁਸ਼ੀ ਦਾ ਹੈ ਜਦੋਂ ਕਿ ਮ੍ਰਿਤਕ ਦੇ ਪਰਿਵਾਰ ਨੇ ਉਹਨਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿਚ ਸ਼ੰਕਾ ਜ਼ਾਹਰ ਕੀਤਾ ਹੈ ਕਿਉਂਕਿ ਮੌਤ ਵੇਲੇ ਉਸਦੇ ਹੱਥ ਪਿੱਛੇ ਬੰਨੇ ਹੋਏ ਪਾਏ ਗਏ। ਉਹਨਾਂ ਦੱਸਿਆ ਕਿ ਇਹ ਸਿੱਖ ਨੌਜਵਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਤੇ ਕੋਟਾ ਰਾਜਸਥਾਨ ਤੋਂ ਨੀਟ ਪ੍ਰੀਖਿਆ ਦੀ ਸਿਖਲਾਈ ਲੈ ਰਿਹਾ ਸੀ।

ਉਹਨਾਂ ਕਿਹਾ ਕਿ ਪਰਿਵਾਰ ਇਨਸਾਫ਼ ਲੈਣ ਵਾਸਤੇ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਹਨਾਂ ਨੇ ਮਨਜੋਤ ਸਿੰਘ ਦੀ ਸ਼ੱਕੀ ਮੌਤ ਦੀ ਮੁਕੰਮਲ ਜਾਂਚ ਕਰਵਾਉਣ ਤੇ ‌ਮ੍ਰਿਤਕ ਦੇ ਪਰਿਵਾਰ ਨੂੰ ਛੇਤੀ ਤੋਂ ਛੇਤੀ ਇਨਸਾਫ ਦੇਣ ਦੀ ਮੰਗ ਕੀਤੀ।