Mandi

ਹਰਿਆਣਾ ਦੀਆਂ ਮੰਡੀਆਂ ‘ਚ ਫਸਲ ਵੇਚਣ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ: ਕੰਵਰ ਪਾਲ

ਚੰਡੀਗੜ੍ਹ, 07 ਅਗਸਤ 2024: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ ਨੇ ਅਧਿਕਾਰੀਆਂ ਨੂੰ ਮੰਡੀ (Mandi) ‘ਚ ਵਿਕਰੀ ਲਈ ਆਉਣ ਵਾਲੀ ਫਸਲ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮੰਡੀਆਂ ‘ਚ ਵਸੂਲੀ ਜਾਣ ਵਾਲੀ ਮਾਰਕੀਟ ਫੀਸ ਸਮੇਤ ਹੋਰ ਕੰਮਾਂ ‘ਚ ਪਾਰਦਰਸ਼ਤਾ ਬਣਾਈ ਰੱਖਣ ਦੀ ਹਦਾਇਤ ਕੀਤੀ।

ਖੇਤੀਬਾੜੀ ਮੰਤਰੀ ਨੇ ਆੜ੍ਹਤੀਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲੈਂਦਿਆਂ ਕਿਹਾ ਕਿ ਆੜ੍ਹਤੀਏ ਸਰਕਾਰ ਅਤੇ ਕਿਸਾਨ ਵਿਚਕਾਰ ਇੱਕ ਅਹਿਮ ਕੜੀ ਹਨ। ਇਨ੍ਹਾਂ ਰਾਹੀਂ ਜਿੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਸਹੂਲਤ ਮਿਲਦੀ ਹੈ, ਉੱਥੇ ਹੀ ਸਰਕਾਰ ਨੂੰ ਵੀ ਚੰਗਾ ਮਾਲੀਆ ਪ੍ਰਾਪਤ ਹੁੰਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਵਾਢੀ ਸਮੇਂ ਮੰਡੀਆਂ (Mandi) ‘ਚ ਤੁਰੰਤ ਲਿਫਟਿੰਗ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਹਰਿਆਣਾ ਖੇਤੀਬਾੜੀ ਮਾਰਕੀਟਿੰਗ ਬੋਰਡ ਦੁਆਰਾ ਮੰਡੀਆਂ ‘ਚ ਭਰੇ ਜਾਣ ਵਾਲੇ ਐਲਐਲ ਫਾਰਮ ਦੀ ਧਾਰਨਾ ਨੂੰ ਸਰਲ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।

ਕੰਵਰ ਪਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖਾਲੀ ਮੰਡੀ (ਜਦੋਂ ਫਸਲ ਵੇਚਣ ਦਾ ਸਮਾਂ ਨਾ ਹੋਵੇ) ਵਿੱਚ ਸ਼ੈੱਡਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਅਨਾਜ ਮੰਡੀਆਂ ‘ਚ ਕੁਝ ਵਪਾਰਕ ਗਤੀਵਿਧੀਆਂ ਦੀ ਇਜਾਜ਼ਤ ਦੇਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਤਾਂ ਜੋ ਸੂਬਾ ਸਰਕਾਰ ਨੂੰ ਕੁਝ ਵਾਧੂ ਆਮਦਨ ਹੋ ਸਕੇ।

Scroll to Top