digitization

ਸਹਿਕਾਰੀ ਸੁਸਾਇਟੀਆਂ ਦੇ ਡਿਜੀਟਾਈਜੇਸ਼ਨ ਦੀ ਪ੍ਰਕਿਰਿਆ 31 ਦਸੰਬਰ ਤੱਕ ਹੋਵੇ ਪੂਰੀ: ਵਿਸ਼ੇਸ਼ ਮੁੱਖ ਸਕੱਤਰ

ਚੰਡੀਗੜ੍ਹ, 19 ਅਕਤੂਬਰ 2024: ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ. ਸਿੰਘ ਨੇ ਅਧਿਕਾਰੀਆਂ ਨੂੰ ਪ੍ਰਾਇਮਰੀ ਐਗਰੀਕਲਚਰਲ ਕੋਆਪ੍ਰੇਟਿਵ ਸੋਸਾਇਟੀਆਂ (PACS) ਦੇ ਕੰਪਿਊਟਰੀਕਰਨ (Digitization) ਦੀ ਚੱਲ ਰਹੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਅਤੇ 31 ਦਸੰਬਰ ਤੱਕ ਪੂਰਾ ਕਰਨ ਦੇ ਹੁਕਮ ਦਿੱਤੇ ਹਨ । ਵਿਸ਼ੇਸ਼ ਮੁੱਖ ਸਕੱਤਰ ਨੇ ਰਾਜ ਪੱਧਰੀ ਲਾਗੂਕਰਨ ਅਤੇ ਨਿਗਰਾਨੀ ਕਮੇਟੀ (ਐਸ.ਐਲ.ਆਈ.ਐਮ.ਸੀ.) ਦੀ ਬੈਠਕ ਦੌਰਾਨ ਇਹ ਹੁਕਮ ਦਿੱਤੇ ਹਨ |

ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਨੇ ਪੰਜਾਬ ‘ਚ ਸਹਿਕਾਰੀ ਲਹਿਰ ਦੀ ਰੀੜ੍ਹ ਦੀ ਹੱਡੀ ਵਜੋਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀਆਂ ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਉਤਪ੍ਰੇਰਕ ਵਜੋਂ ਕੰਮ ਕਰਦੀਆਂ ਹਨ। ਵੀ.ਕੇ. ਸਿੰਘ ਨੇ ਕਿਹਾ ਕਿ ਇਨ੍ਹਾਂ ਸਭਾਵਾਂ ਦੇ ਕੰਪਿਊਟਰੀਕਰਨ ਨਾਲ ਇਨ੍ਹਾਂ ਦੇ ਕੰਮ ਵਿੱਚ ਹੋਰ ਕੁਸ਼ਲਤਾ ਅਤੇ ਪਾਰਦਰਸ਼ਤਾ ਆਵੇਗੀ, ਜਿਸ ਨਾਲ ਕਿਸਾਨਾਂ ਨੂੰ ਲਾਹਾ ਮਿਲੇਗਾ ।

ਵਿਸ਼ੇਸ਼ ਮੁੱਖ ਸਕੱਤਰ ਵੀ.ਕੇ. ਸਿੰਘ ਨੇ ਚੱਲ ਰਹੇ ਕੰਪਿਊਟਰੀਕਰਨ ਦੀ ਜ਼ਿਲ੍ਹਾ ਪੱਧਰੀ ਸਥਿਤੀ ਦਾ ਜਾਇਜ਼ਾ ਲਿਆ। ਕਮੇਟੀ ਨੇ ਪੰਜਾਬ ਵਿੱਚ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਅਤੇ ਖੇਤੀਬਾੜੀ ਸਹਿਕਾਰੀ ਬੈਂਕਾਂ ਦੇ ਦਫ਼ਤਰਾਂ ਦੇ ਕੰਪਿਊਟਰੀਕਰਨ (Digitization) ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਵੀ.ਕੇ. ਸਿੰਘ ਨੇ ਉਮੀਦ ਪ੍ਰਗਟਾਈ ਕਿ ਇਹ ਪ੍ਰੋਜੈਕਟ ਪੰਜਾਬ ਭਰ ਦੀਆਂ ਸਹਿਕਾਰੀ ਸਭਾਵਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਵੇਗਾ।

Scroll to Top