June 30, 2024 10:27 pm
Punjab Vidhan Sabha

ਪੰਜਾਬ ਵਿਧਾਨ ਸਭਾ ਦੇ ਛੇਵੇਂ ਦਿਨ ਦੀ ਕਾਰਵਾਈ ਸ਼ੁਰੂ, ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਦਾ ਮੁੱਦਾ ਉੱਠਿਆ

ਚੰਡੀਗੜ੍ਹ, 11 ਮਾਰਚ 2024: ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਬਜਟ ਇਜਲਾਸ ਦੇ ਛੇਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪਟਿਆਲਾ ਵਿੱਚ ਧਾਰਮਿਕ ਸਥਾਨਾਂ ਜਾਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ ਗਿਆ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੇ ਸਮੇਂ ‘ਚ ਭੂ-ਮਾਫੀਆ ਨੇ ਧਾਰਮਿਕ ਸਥਾਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਕਿਹਾ ਕਿ ਮੰਦਰਾਂ ਅਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਨੂੰ ਸ਼ੋਅਰੂਮਾਂ ਅਤੇ ਦੁਕਾਨਾਂ ਵਿੱਚ ਬਦਲ ਕੇ ਵੇਚ ਦਿੱਤਾ ਜਾਂਦਾ ਹੈ। ਇਸ ‘ਤੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਕੋਈ ਵੀ ਸਰਕਾਰੀ ਜਾਇਦਾਦ ‘ਤੇ ਨਾਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਪਟਿਆਲਾ ਨਾਲ ਸਬੰਧਤ 6 ਜਾਇਦਾਦਾਂ ਦੀ ਸੂਚੀ ਉਨ੍ਹਾਂ ਕੋਲ ਆਈ ਹੈ। ਮਾਲ ਵਿਭਾਗ ਇਨ੍ਹਾਂ ਨੂੰ ਆਪਣੇ ਅਧੀਨ ਲੈ ਲਵੇਗਾ। ਉਹ ਇਸ ਸਬੰਧੀ ਪਟਿਆਲਾ ਦੇ ਡੀਸੀ ਨੂੰ ਆਦੇਸ਼ ਦੇਣਗੇ। ਇਸ ਦੇ ਨਾਲ ਹੀ ਵਿਧਾਇਕ ਨੇ ਕੁਝ ਜਾਇਦਾਦਾਂ ਵੀ ਦਿਖਾਈਆਂ, ਜਿੱਥੇ ਧਾਰਮਿਕ ਸਥਾਨਾਂ ਦੀ ਥਾਂ ‘ਤੇ ਸ਼ੋਅਰੂਮ ਬਣਾਏ ਗਏ ਹਨ।

ਇਸਦੇ ਨਾਲ ਹੀ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਹਲਕਾ ਸਨੌਰ ਵਿੱਚ ਅਵਾਰਾ ਜਾਨਵਰਾਂ ਨਾਲ ਸਬੰਧਤ ਮੁੱਦਾ ਉਠਾਇਆ। ਉਨ੍ਹਾਂ ਦੱਸਿਆ ਕਿ ਇੱਥੇ ਚਾਰ ਜੰਗਲੀ ਖੇਤਰ ਹਨ। ਪਰ ਉਥੇ ਜਾਨਵਰਾਂ ਨੂੰ ਰੋਕਣ ਲਈ ਲਗਾਈਆਂ ਤਾਰਾਂ ਟੁੱਟੀਆਂ ਹੋਈਆਂ ਹਨ। ਇਸ ਕਾਰਨ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ । ਇਸ ’ਤੇ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਇੱਥੇ 4 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ। ਤਿੰਨ ਜੰਗਲਾਂ ਦਾ ਕੰਮ ਪੂਰਾ ਹੋ ਚੁੱਕਾ ਹੈ। ਇੱਕ ਜੰਗਲ ਦਾ ਕੰਮ ਚੱਲ ਰਿਹਾ ਹੈ। ਇਸ ’ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਬਿਜਲੀ ਦੀ ਫੈਂਸਿੰਗ ਕਰਵਾਉਣ ਦਾ ਸੁਝਾਅ ਦਿੱਤਾ। ਮੰਤਰੀ ਨੇ ਕਿਹਾ ਕਿ ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਵਿਚਾਰ ਕੀਤਾ ਜਾਵੇਗਾ।