Kapurthala Central Jail

ਕਪੂਰਥਲਾ ਕੇਂਦਰੀ ਜੇਲ੍ਹ ਦੇ ਕੈਦੀਆਂ ਦੀ ਹੋਵੇਗੀ ਸਿਹਤ ਜਾਂਚ, 15 ਜੂਨ ਤੋਂ 14 ਜੁਲਾਈ ਤੱਕ ਚੱਲੇਗੀ ਮੁਹਿੰਮ

ਕਪੂਰਥਲਾ, 02 ਜੂਨ 2023: ਕੇਂਦਰੀ ਜੇਲ੍ਹ ਕਪੂਰਥਲਾ (Kapurthala Central Jail) ਕੈਦੀਆਂ ਤੇ ਹਵਾਲਾਤੀਆਂ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਟੀ.ਬੀ., ਐਚ.ਆਈ.ਵੀ. ਹੈਪੇਟਾਈਟਸ ਵਾਇਰਲ ਲੋਡ ਅਤੇ ਯੋਨ ਰੋਗਾਂ ਸੰਬੰਧੀ ਬੀਮਾਰੀਆਂ ਦੀ ਸਕਰੀਨਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਮੁਹਿੰਮ ਦੇ ਸਬੰਧ ਵਿਚ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ 15 ਜੂਨ ਤੋਂ 14 ਜੁਲਾਈ ਤੱਕ ਚਲਣ ਵਾਲੀ ਇਸ ਆਈ.ਐਸ.ਐਚ.ਟੀ.ਐਚ. ਮੁਹਿੰਮ (ਇੰਟੀਗ੍ਰੇਟੇਡ ਐਸ.ਟੀ.ਆਈ, ਐਚ.ਆਈ.ਵੀ, ਟੀ.ਬੀ ਐਂਡ ਹੈਪੇਟਾਈਟਸ ਕੈਂਪੈਨ) ਦੌਰਾਨ ਜੇਲ ਵਿਚ ਰਹਿ ਰਹੇ ਸਾਰੇ ਕੈਦੀਆਂ / ਹਵਾਲਾਤੀਆਂ ਦੀ ਉਕਤ ਬੀਮਾਰੀਆਂ ਦੇ ਸੰਬੰਧ ਵਿਚ ਸਕਰੀਨਿੰਗ ਕੀਤੀ ਜਾਏਗੀ ਤੇ ਲੋੜੀਂਦਾ ਇਲਾਜ ਮੁਹੱਇਆ ਕਰਵਾਇਆ ਜਾਏਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਨੂੰ ਚਲਾਉਣ ਦਾ ਸਰਕਾਰ ਦਾ ਉਦੇਸ਼ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਇਆ ਕਰਵਾਉਣਾ ਤਾਂ ਹੈ ਹੀ ਨਾਲ ਹੀ ਟੀ.ਬੀ., ਐਚ.ਆਈ.ਵੀ., ਹੈਪੇਟਾਈਟਸ, ਐਸ.ਟੀ.ਆਈ ਅਤੇ ਆਰ.ਟੀ.ਆਈ (ਯੌਨ ਰੋਗਾਂ ਨਾਲ ਸੰਬੰਧਤ) ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਾ ਵੀ ਹੈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮੁਹਿੰਮ ਦੀ ਸਫਲਤਾ ਲਈ ਜਰੂਰੀ ਦਿਸ਼ਾ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ ਗਏ।

ਸਿਵਲ ਸਰਜਨ ਕਪੂਰਥਲਾ ਡਾ. ਰਾਜਵਿੰਦਰ ਕੌਰ ਨੇ ਜੇਲ੍ਹ ਦੇ ਕੈਦੀਆਂ ਲਈ ਚਲਾਈ ਜਾਣ ਵਾਲੀ ਇਸ ਮੁਹਿੰਮ ਦੇ ਸੰਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੈਦੀਆਂ ਦੀ ਜਾਂਚ ਅਤੇ ਇਲਾਜ ਮੁਫਤ ਕੀਤਾ ਜਾਏਗਾ ਨਾਲ ਹੀ ਇਨ੍ਹਾਂ ਬੀਮਾਰੀਆਂ ਨਾਲ ਸੰਬੰਧਤ ਕਾਊਂਸਲਿੰਗ ਵੀ ਮਾਹਰਾਂ ਵੱਲੋਂ ਕੀਤੀ ਜਾਏਗੀ।

ਡਾ. ਰਾਜਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਮੈਡੀਕਲ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ। ਜੇਲ ਸੁਪਰਡੈਂਟ ਐਸ.ਪੀ. ਜੇਲ੍ਹ ਇਕਬਾਲ ਸਿੰਘ ਧਾਲੀਵਾਲ ਵੱਲੋਂ ਇਸ ਮੌਕੇ ਤੇ ਜੇਲ੍ਹ (Kapurthala Central Jail) ਵਿਚ ਰਹਿ ਰਹੇ ਕੈਦੀਆਂ ਬਾਰੇ ਅਤੇ ਮੁਹਿੰਮ ਲਈ ਜੇਲ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।

ਜਿਲਾ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁਲੱਰ ਅਤੇ ਜਿਲਾ ਟੀ.ਬੀ.ਅਫਸਰ ਡਾ. ਮੀਨਾਕਸ਼ੀ ਵੱਲੋਂ ਇਸ ਮੁਹਿੰਮ ਦੇ ਸਬੰਧੀ ਤਿਆਰ ਮਾਈਕਰੋਪਲਾਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ. ਰਾਜੀਵ ਪਰਾਸ਼ਰ, ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ, ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਸੁਪਰਡੈਂਟ ਰਾਮ ਅਵਤਾਰ ਤੇ ਹੋਰ ਹਾਜਰ ਸਨ।

Scroll to Top