ਚੰਡੀਗੜ੍ਹ 27 ਸਤੰਬਰ 2025: ਪੰਜਾਬ ਵਿਧਾਨ ਸਭ ਦੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant singh maan) ਨੇ ਹੜ੍ਹਾਂ ਦੇ ਮੁੱਦੇ ਦੇ ਸਿਆਸੀਕਰਨ ਲਈ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੰਕਟ ਦੀ ਘੜੀ ਵਿੱਚ ਸੂਬੇ ਨਾਲ ਦਗਾ ਕਮਾਉਣ ਵਾਲੇ ਸੰਵੇਦਨਹੀਣ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ।
ਉਥੇ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੜ੍ਹਾਂ ’ਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਹੜ੍ਹਾਂ ਦੇ ਸੰਕਟ ਵਾਲੇ ਸਮੇਂ ਇਕਜੁਟਤਾ ਪ੍ਰਗਟਾਉਣ ਦੀ ਬਜਾਏ ਸੂਬੇ ਦੇ ਇਹ ਅਖੌਤੀ ਤਜਰਬੇਕਾਰ ਸਿਆਸਤਦਾਨ ਸਰਕਾਰ ਵਿਰੁੱਧ ਜ਼ਹਿਰ ਉਗਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸਤਦਾਨ ਸਿਰਫ਼ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ ਜੋ ਕਿ ਗੈਰ-ਵਾਜਬ ਹੈ।
ਦੱਸ ਦੇਈਏ ਕਿ ਉਥੇ ਹੀ CM ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਸੂਬੇ ਦੇ ਲੋਕ ਹੜ੍ਹਾਂ ਵਿੱਚ ਰਾਹਤ ਅਤੇ ਮੁੜ ਵਸੇਬੇ ਲਈ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਸਨ ਤਾਂ ਉਸ ਵੇਲੇ ਇਹ ਸਿਆਸਤਦਾਨ ਮੀਡੀਆ ਦੀ ਸੁਰਖੀਆਂ ਬਟੋਰਨ ਲਈ ਤਰਲੋਮੱਛੀ ਹੋ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ ਸੈਸ਼ਨ ਹੜ੍ਹਾਂ ਤੋਂ ਬਾਅਦ ਸੂਬੇ ਦੇ ਮੁੜ ਵਸੇਬੇ ‘ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ ਪਰ ਇਨ੍ਹਾਂ ਆਗੂਆਂ ਦੀ ਸੌੜੀ ਮਾਨਸਿਕਤਾ ਕਾਰਨ ਇਹ ਆਲੋਚਨਾ ਤੱਕ ਸਿਮਟ ਗਿਆ। ਉਨ੍ਹਾਂ ਕਿਹਾ ਕਿ ਪੰਜਾਬ, ਭਾਗਾਂ ਵਾਲੀ ਧਰਤੀ ਹੈ ਅਤੇ ਇੱਥੇ ਸਭ ਕੁਝ ਗੁਆ ਲੈਣ ਤੋਂ ਬਾਅਦ ਮੁੜ ਉਭਰਨ ਦੀ ਪ੍ਰਵਿਰਤੀ ਹੈ ਪਰ ਪਿੱਠ ਵਿੱਚ ਛੁਰਾ ਮਾਰਨ ਵਾਲੇ ਅਜਿਹੇ ਸਿਆਸਦਾਨਾਂ ਨੇ ਹਮੇਸ਼ਾ ਇਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਵੀ ਪੰਜਾਬੀਆਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਅੱਗੇ ਝੁਕਦੀਆਂ ਹਨ। ਉਨ੍ਹਾਂ ਨੇ ਪੰਜਾਬੀਆਂ ਦੀ ਬਹਾਦਰੀ ਤੋਂ ਜਾਣੂੰ ਕਰਵਾਉਣ ਲਈ ਸਾਰਾਗੜ੍ਹੀ ਦੀ ਲੜਾਈ, ਲੌਂਗੇਵਾਲਾ ਦੀ ਲੜਾਈ ਅਤੇ ਹੋਰ ਇਤਿਹਾਸਕ ਘਟਨਾਵਾਂ ਦਾ ਹਵਾਲਾ ਦਿੱਤਾ।
ਉਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਐਸ.ਡੀ.ਆਰ.ਐਫ. (SDRF) ਵਿੱਚ 12,000 ਕਰੋੜ ਰੁਪਏ ਹੋਣ ਦਾ ਤੱਥ ਉਨ੍ਹਾਂ ਸਾਰੇ ਆਗੂਆਂ ਦੀ ਕਲਪਨਾ ਹੈ ਜੋ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਸਰਕਾਰ ਦੀ ਆਲੋਚਨਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਸੋਚਦੇ। ਉਨ੍ਹਾਂ ਕਿਹਾ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਇਸੇ ਆਧਾਰ ‘ਤੇ ਹੀ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਆਪਣੀ ਫੇਰੀ ਦੌਰਾਨ ਸੂਬੇ ਨੂੰ ਸਿਰਫ਼ 1600 ਕਰੋੜ ਰੁਪਏ ਦਿੱਤੇ।
ਮੋਦੀ ਵੱਲੋਂ ਐਲਾਨਿਆ ਫੰਡ ਸੂਬੇ ਲਈ ਮਹਿਜ਼ ਇੱਕ ਖਾਨਾਪੂਰਤੀ ਤੋਂ ਸਿਵਾਏ ਹੋਰ ਕੁਝ ਨਹੀਂ ਹਨ ਕਿਉਂਕਿ ਪੰਜਾਬ ਦੇ 2305 ਪਿੰਡ ਹੜ੍ਹਾਂ ਕਾਰਨ ਤਬਾਹ ਹੋ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਪੈਕੇਜ ਨਾਲ ਹਰ ਹੜ੍ਹ ਪ੍ਰਭਾਵਿਤ ਪਿੰਡ ਨੂੰ ਸਿਰਫ਼ 80 ਲੱਖ ਰੁਪਏ ਆਉਣਗੇ ਜੋ ਕਿ ਬਹੁਤ ਘੱਟ ਰਾਸ਼ੀ ਹੈ।
Read More: CM ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਦਿੱਤਾ ਜਵਾਬ, ਫੰਡ ‘ਤੇ ਆਖੀ ਇਹ ਗੱਲ