July 2, 2024 8:56 pm
Harpal Singh Cheema

ਪਿਛਲੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 22 ਅਪ੍ਰੈਲ 2023: ਜਲੰਧਰ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਪ੍ਰੈੱਸ ਵਾਰਤਾ ਕੀਤੀ, ਇਸ ਦੌਰਾਨ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਸਵਾਲ ਦੇ ਜਵਾਬ ਦਿੱਤੇ, ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਕਾਂਗਰਸ ਨੂੰ ਸਾਢੇ ਚਾਰ ਸਾਲ ਬਾਅਦ ਆਪਣਾ ਮੁੱਖ ਮੰਤਰੀ ਬਦਲਣਾ ਪਿਆ। ਕਾਨੂੰਨ ਤੋੜਨ ਵਾਲੇ ਨਵਜੋਤ ਸਿੱਧੂ ਇੱਕ ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਹੁਣੇ ਹੀ ਪਰਤੇ ਹਨ। ਪਿਛਲੀ ਸਰਕਾਰ ਵੇਲੇ ਇਹ ਲੋਕ ਮਾਫੀਆ ਦੀ ਅਗਵਾਈ ਕਰ ਰਹੇ ਸਨ।

ਉਸ ਸਮੇਂ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੀ ਸਾਰਥਕ ਭੂਮਿਕਾ ਨਿਭਾਈ ਸੀ। ਕਾਂਗਰਸ ਦੇ ਕਾਰਜਕਾਲ ਦੌਰਾਨ ਨਕਲੀ ਸ਼ਰਾਬ ਪੀਣ ਨਾਲ 128 ਮੌਤਾਂ ਹੋਈਆਂ ਸਨ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਦਾ ਨਾਂ ਸਭ ਤੋਂ ਅੱਗੇ ਆਇਆ ਸੀ। ਨਵਜੋਤ ਸਿੱਧੂ ਅੱਜ ਇਸ ਵਿਧਾਇਕ ਨਾਲ ਮੁਲਾਕਾਤ ਕਰ ਰਹੇ ਹਨ।

ਮੌਜੂਦਾ ਪੰਜਾਬ ਸਰਕਾਰ ਨੇ 28 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਪੰਜਾਬ ਦੇ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਕੀਤਾ ਗਿਆ। ਕਾਂਗਰਸ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਕਈ ਏ.ਸੀ ਚੱਲਦੇ ਹਨ। ਅੱਜ ਪੰਜਾਬ ਦੇ 90 ਫੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਪਿਛਲੀ ਸਰਕਾਰ ਦੇ ਸਮੇਂ ਤੋਂ ਪੀਐਸਪੀਸੀਐਲ ਵੱਲ 9300 ਕਰੋੜ ਰੁਪਏ ਬਕਾਇਆ ਪਏ ਸਨ। ਇਸ ਸਾਲ ਬਿਜਲੀ ਦੀ ਸਬਸਿਡੀ ਲਈ 20 ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ। ਸਾਡੀ ਸਰਕਾਰ ਨੇ ਇਹ ਸਬਸਿਡੀ ਸਮੇਂ ਸਿਰ ਜਾਰੀ ਕੀਤੀ ਹੈ। ਜਦੋਂ ਕਿ 9300 ਕਰੋੜ ਵਿੱਚੋਂ ਪਹਿਲੀ ਅਤੇ ਦੂਜੀ ਕਿਸ਼ਤ ਵੀ ਜਾ ਚੁੱਕੀ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਬਕਾਰੀ ਨੀਤੀ ਦੇ ਨਤੀਜੇ ਵਜੋਂ 41 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। 500 ਆਮ ਆਦਮੀ ਕਲੀਨਿਕ ਖੋਲ੍ਹੇ ਗਏ। ਅਧਿਆਪਕਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਸਾਲ ਵਿੱਚ ਹੀ ‘ਆਪ’ ਸਰਕਾਰ ਨੇ ਜ਼ਿਆਦਾਤਰ ਵਾਅਦੇ ਪੂਰੇ ਕੀਤੇ ਹਨ।

ਹਰਪਾਲ ਚੀਮਾ (Harpal Singh Cheema) ਨੇ ਕੁਝ ਲੀਡਰ ਜਿਹੜੇ ਕੁਝ ਦਿਨ ਪਹਿਲਾ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਹਨ, ਉਹ ਸਾਨੂੰ ਦੱਸ ਰਹੇ ਹਨ ਕਿ ਕੰਮ ਕਿਵੇਂ ਕਰਨਾ ਹੈ, ਉਨ੍ਹਾਂ ਨੂੰ ਪੁੱਛੋ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਸੀ ਕੀ ਕੀਤਾ ? ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ‘ਤੇ ਵੀ ਕਈ ਸਵਾਲ ਚੁੱਕੇ ਕਿ ਜਿਸ ਵਿਅਕਤੀ ਦੇ ਕੋਲ ਜਦੋਂ ਉਹ ਇੱਕ ਵਿਧਾਇਕ ਸੀ ਉਦੋਂ ਸਿਰਫ ਕੁਝ ਲੱਖ ਰੁਪਏ ਦੀ ਸੰਪਤੀ ਸੀ, ਫਿਰ ਅੱਜ ਉਸ ਕੋਲ ਇੰਨੀ ਸੰਪਤੀ ਕਿਵੇਂ ਆ ਗਈ |