July 8, 2024 4:12 am
Farmers

ਪੁਲਿਸ ਨੇ ਪਟਿਆਲਾ ‘ਚ ਕਿਸਾਨਾਂ ਦਾ ਧਰਨਾ ਹਟਾਇਆ, ਕਈ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ, 13 ਜੂਨ 2023: ਪੰਜਾਬ ਦੇ ਪਟਿਆਲਾ ਵਿੱਚ 5 ਦਿਨਾਂ ਤੋਂ ਗੈਰ-ਸਿਆਸੀ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ ਨੂੰ ਪੁਲਿਸ ਨੇ ਚੱਕਵਾ ਦਿੱਤਾ ਹੈ। ਇਸ ਦੌਰਾਨ ਕਈ ਕਿਸਾਨ (Farmers) ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ 4 ਹੋਰ ਸਾਥੀਆਂ ਦੀ ਭੁੱਖ ਹੜਤਾਲ ਵੀ ਸਮਾਪਤ ਕਰਵਾ ਦਿੱਤੀ ਹੈ |

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਿਸਾਨਾਂ (Farmers) ਦੀਆਂ 21 ਮੰਗਾਂ ਸਨ, ਜਿਨ੍ਹਾਂ ਨੂੰ ਪੂਰਾ ਕਰਵਾਉਣ ਲਈ ਉਹ ਪਟਿਆਲਾ ਸਥਿਤ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਧਰਨਾ ਦੇ ਰਹੇ ਹਨ। ਬੀਕੇਯੂ (ਏਕਤਾ ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਪੀਐਸਪੀਸੀਐਲ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।

ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਝੋਨੇ ਦੇ ਸੀਜ਼ਨ ਲਈ 20 ਅਕਤੂਬਰ ਤੱਕ ਰੋਜ਼ਾਨਾ 10 ਘੰਟੇ ਬਿਜਲੀ ਚਾਲੂ ਰੱਖਣ, ਜਨਰਲ ਕੈਟਾਗਰੀ ਦੇ ਲੰਬੇ ਸਮੇਂ ਤੋਂ ਬੰਦ ਪਏ ਕੁਨੈਕਸ਼ਨ ਤੁਰੰਤ ਜਾਰੀ ਕਰਨਾ, ਵੀ.ਡੀ.ਐੱਸ ਸਕੀਮ ਨੂੰ ਹਰ ਸਮੇਂ ਖੁੱਲ੍ਹਾ ਰੱਖਣ, ਫੀਸਾਂ ਵਸੂਲਣੀਆਂ ਬੰਦ ਕਰਨ, ਸਮਾਰਟ ਮੀਟਰਾਂ ਨੂੰ ਬੰਦ ਕਰਨਾ ਆਦਿ ਸ਼ਾਮਲ ਹਨ।

ਦੂਜੇ ਪਾਸੇ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਦੀ ਭੁੱਖ ਹੜਤਾਲ ਖ਼ਤਮ ਕਰਵਾ ਦਿੱਤੀ ਹੈ। ਉਨ੍ਹਾਂ ਦਾ ਮੈਡੀਕਲ ਚੈਕਅੱਪ ਕੀਤਾ ਜਾ ਰਿਹਾ ਹੈ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।ਸ਼ਾਂਤੀ ਬਹਾਲ ਕਰਨ ਲਈ ਪਹਿਲਾਂ ਪਟਿਆਲਾ ਪੁਲਿਸ ਨੇ ਗੱਲਬਾਤ ਕੀਤੀ ਪਰ ਗੱਲਬਾਤ ਦਾ ਹੱਲ ਨਾ ਨਿਕਲਣ ‘ਤੇ ਇਹ ਕਾਰਵਾਈ ਕਰਨੀ ਪਈ | ਕਈ ਕਿਸਾਨ ਆਪਣੇ ਘਰਾਂ ਨੂੰ ਚਲੇ ਗਏ ਹਨ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।