ਲੁਧਿਆਣਾ, 7 ਮਾਰਚ 2024: ਅਨਾਜ ਨੀਤੀ ਨੂੰ ਲੈ ਕੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ’ਤੇ ਜਾਮ ਲਾਉਣ ਵਾਲੇ ਟਰੱਕ ਯੂਨੀਅਨ ਅਤੇ ਪੱਲੇਦਾਰ ਯੂਨੀਅਨ (Palledar Union) ਦੇ ਵਰਕਰਾਂ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਜਲੰਧਰ-ਲੁਧਿਆਣਾ ਵਿਚਕਾਰ ਲਾਡੋਵਾਲ ਟੋਲ ‘ਤੇ ਜਾਮ ਲਗਾ ਕੇ ਬੈਠੇ ਵਰਕਰਾਂ ਨੂੰ ਪੁਲਿਸ ਨੇ ਹਟਾਉਣਾ ਸ਼ੁਰੂ ਕਰ ਦਿੱਤਾ | ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਆਵਾਜਾਈ ਸੁਚਾਰੂ ਨਹੀਂ ਹੋ ਸਕੀ ਹੈ।
ਟਰੱਕ ਅਪਰੇਟਰਾਂ ਨੇ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਦਾ ਸੱਦਾ ਦਿੱਤਾ ਸੀ। ਪੁਲਿਸ ਨੇ ਦੁਪਹਿਰ ਵੇਲੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਦੁਪਹਿਰ ਕਰੀਬ 2.30 ਵਜੇ ਪੁਲਿਸ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਅਤੇ ਪੱਲੇਦਾਰ ਯੂਨੀਅਨ (Palledar Union) ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਵਰਕਰਾਂ ਨੇ ਹਾਈਵੇਅ ਜਾਮ ਕਰ ਦਿੱਤਾ। ਕਰੀਬ 3 ਘੰਟੇ ਸਮਝਾਉਣ ਦੇ ਬਾਵਜੂਦ ਜਦੋਂ ਧਰਨਾਕਾਰੀ ਨਾ ਮੰਨੇ ਤਾਂ ਏਡੀਸੀਪੀ ਰਮਨਦੀਪ ਭੁੱਲਰ ਦੀ ਅਗਵਾਈ ਹੇਠ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰ ਦਿੱਤਾ।
ਇਸ ਸਬੰਧੀ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਭੀੜ ਨੂੰ ਕਾਬੂ ਕਰਨ ਲਈ ਕੁਝ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਹਾਈਵੇਅ ਨੂੰ ਖਾਲੀ ਕਰਵਾਉਣਾ ਸਾਡੀ ਪਹਿਲ ਸੀ, ਜਿਸ ਨੂੰ ਅਸੀਂ ਖਾਲੀ ਕਰਵਾ ਲਿਆ ਹੈ। ਅਧਿਕਾਰੀਆਂ ਨਾਲ ਧਰਨਾਕਾਰੀਆਂ ਦੀ ਬੈਠਕ ਚੱਲ ਰਹੀ ਹੈ। ਛੇਤੀ ਹੀ ਕੋਈ ਹੱਲ ਲੱਭ ਲਿਆ ਜਾਵੇਗਾ। ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।