ਫਾਜ਼ਿਲਕਾ, 18 ਅਪ੍ਰੈਲ 2023: ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ (Narinder Pal Singh Sawna) ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਰਮੇ (Cotton) ਦੇ ਬੀਜਾਂ ਤੇ 33 ਫੀਸਦੀ ਸਬਸਿਡੀ ਦੇਣ ਦੀ ਯੋਜਨਾ ਕਿਸਾਨਾਂ ਲਈ ਲਾਭਕਾਰੀ ਸਿੱਧ ਹੋਵੇਗੀ ਉਥੇ ਹੀ ਇਸ ਨਾਲ ਨਰਮੇ ਹੇਠ ਰਕਬਾ ਵੀ ਵਧੇਗਾ।
ਵਿਧਾਇਕ ਨੇ ਕਿਹਾ ਕਿ ਇਸ ਨਾਲ ਝੋਨੇ ਹੇਠੋਂ ਰਕਬਾ ਵੀ ਘਟਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਨਰਮੇ ਦੇ ਬੀਟੀ ਬੀਜ ਬਹੁਤ ਮਹਿੰਗੇ ਸਨ ਇਸ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਹ ਸਬਸਿਡੀ ਕਿਸਾਨਾਂ ਲਈ ਇਕ ਵੱਡੀ ਰਾਹਤ ਸਿੱਧ ਹੋਵੇਗੀ। ਵਿਧਾਇਕ ਨੇ ਕਿਹਾ ਕਿ ਸਰਕਾਰ ਵੱਲੋਂ ਬੀਜ ਤੇ ਸਬਸਿਡੀ ਪੂਰੇ ਪਾਰਦਰਸ਼ੀ ਤਰੀਕੇ ਨਾਲ ਦਿੱਤੀ ਜਾਵੇਗੀ ਅਤੇ ਇਸ ਲਈ ਕਿਸਾਨ ਖੇਤੀਬਾੜੀ ਵਿਭਾਗ ਦੇ ਪੋਰਟਲ https://agrimachinerypb.com/ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ (Cotton) ਹੇਠ ਰਕਬਾ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਵਿਭਾਗ ਵੱਲੋਂ ਕਿਸਾਨ ਮਿੱਤਰਾਂ ਦੀ ਭਰਤੀ ਵੀ ਕੀਤੀ ਗਈ ਹੈ ਜ਼ੋ ਕਿ ਪਿੰਡ ਪਿੰਡ ਕਿਸਾਨਾਂ ਨੂੰ ਨਰਮੇ ਦੇ ਸੁਧਰੇ ਕਾਸਤਕਾਰੀ ਢੰਗਾਂ ਦੀ ਜਾਣਕਾਰੀ ਮੁਹਈਆ ਕਰਵਾਉਣਗੇ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ (Narinder Pal Singh Sawna) ਨੇ ਇਹ ਵੀ ਦੱਸਿਆ ਕਿ ਇਸਟਰਨਲ ਕੈਨਾਲ ਸਿਸਟਮ ਵਿਚੋਂ ਨਿਕਲਦੀਆਂ ਫਾਜਿ਼ਲਕਾ ਦੀਆਂ ਨਹਿਰਾਂ ਵਿਚ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਪਾਣੀ ਦੀ ਨਿਯਮਤ ਸਪਲਾਈ ਮਿਲੇਗੀ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।