ਅੰਮ੍ਰਿਤਸਰ, 08 ਅਪ੍ਰੈਲ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਤਸਵੀਰ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਮਹਾਰਾਜਾ ਰਿਪੁਦਮਨ ਸਿੰਘ ਨੇ ਪੰਥਕ ਸੋਚ ’ਤੇ ਪਹਿਰਾ ਦਿੰਦਿਆਂ ਆਪਣੇ ਜੀਵਨ ਅੰਦਰ ਕਈ ਅਹਿਮ ਕਾਰਜ ਕੀਤੇ ਸਨ।
ਉਨ੍ਹਾਂ ਨੇ ਸੰਨ 1909 ਵਿਚ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਵਿਚ ਅਹਿਮ ਯੋਗਦਾਨ ਪਾਇਆ। ਇਸ ਦੇ ਨਾਲ ਹੀ ਸਾਕਾ ਸ੍ਰੀ ਨਨਕਾਣਾ ਸਾਹਿਬ ਸਮੇਂ ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਕਾਲੀਆਂ ਦਸਤਾਰਾਂ ਬੰਨ੍ਹ ਕੇ ਰੋਸ ਪ੍ਰਗਟ ਕਰਨ ਵਾਲਿਆਂ ਵਿਚ ਵੀ ਮਹਾਰਾਜਾ ਨਾਭਾ ਸ਼ਾਮਲ ਸਨ। ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਦਲੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਉਨ੍ਹਾਂ ਦੀ ਤਸਵੀਰ ਨੂੰ ਥਾਂ ਦਿੱਤੀ ਗਈ ਹੈ।
ਤਸਵੀਰ ਸੁਸ਼ੋਭਿਤ ਕਰਨ ਸਬੰਧੀ ਰੱਖੇ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦਾ ਪੰਥਕ ਸੇਵਾਵਾਂ ਵਿਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਤਾਜ਼ਪੋਸ਼ੀ ਦੌਰਾਨ ਮਹਾਰਾਜਾ ਰਿਪੁਦਮਨ ਸਿੰਘ ਨੇ ਅੰਗਰੇਜ਼ਾਂ ਦੀਆਂ ਰਵਾਇਤਾਂ ਦੀ ਥਾਂ ਗੁਰਮਤਿ ਦੀ ਵਿਧੀ ਨੂੰ ਤਰਜੀਹ ਦਿੱਤੀ ਅਤੇ ਇਸੇ ਤਰ੍ਹਾਂ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਰੋਸ ਵਜੋਂ ਕਾਲੀ ਦਸਤਾਰ ਸਜਾਉਣ ਦੇ ਨਾਲ-ਨਾਲ ਅਰਦਾਸ ਵਾਲੇ ਦਿਨ ਨਾਭਾ ਰਿਆਸਤ ’ਚ ਛੁੱਟੀ ਦਾ ਐਲਾਨ ਕੀਤਾ।
ਇਸੇ ਕਰਕੇ ਹੀ ਉਹ ਅੰਗਰੇਜ਼ ਹਕੂਮਤ ਨੂੰ ਰੜਕਦੇ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਥਕ ਸੋਚ ਹੋਣ ਕਰਕੇ ਹੀ ਮਹਾਰਾਜਾ ਨਾਭਾ ਨੂੰ ਅੰਗਰੇਜ਼ ਹਕੂਮਤ ਨੇ ਬਹਾਨਾ ਬਣਾ ਕੇ ਜ਼ਰਬਦਸਤੀ ਗੱਦੀਓਂ ਲਾਹਿਆ ਸੀ, ਜਿਸ ਦੇ ਰੋਸ ਵਜੋਂ ਸਿੱਖ ਪੰਥ ਨੇ ਮੋਰਚਾ ਲਗਾਇਆ। ਸ਼੍ਰੋਮਣੀ ਕਮੇਟੀ ਇਸ ਪੰਥਕ ਸ਼ਖ਼ਸੀਅਤ ਨੂੰ ਸਤਿਕਾਰ ਭੇਟ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ।
ਇਸ ਮੌਕੇ ਮਹਾਰਾਜਾ ਸ. ਰਿਪੁਦਮਨ ਸਿੰਘ ਦੇ ਪਰਿਵਾਰ ਵਿੱਚੋਂ ਬੀਬੀ ਪ੍ਰੀਤੀ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਨਾਭਾ ਨੇ ਕਾਲੇ ਪਾਣੀ ਦੀ ਸਜ਼ਾ ਤਾਂ ਪ੍ਰਵਾਨ ਕੀਤੀ, ਪਰ ਅੰਗਰੇਜ਼ਾਂ ਨੂੰ ਮੁਆਫ਼ੀਨਾਮਾ ਨਹੀਂ ਲਿਖ ਕੇ ਦਿੱਤਾ। ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸਿੱਖ ਵਿਦਵਾਨ ਸ. ਗਿਆਨ ਸਿੰਘ ਸੰਧੂ ਕੈਨੇਡਾ, ਸ. ਜਤਿੰਦਰਪਾਲ ਸਿੰਘ ਅਮਰੀਕਾ, ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਪੜਪੋਤੇ ਯੁਵਰਾਜ ਅਭੀ ਉਦੈਪ੍ਰਤਾਪ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ। ਸਮਾਗਮ ’ਚ ਪੁੱਜੇ ਮਹਾਰਾਜਾ ਨਾਭਾ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸਕੱਤਰ ਸ. ਪ੍ਰਤਾਪ ਸਿੰਘ, ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਸ. ਲਖਵਿੰਦਰ ਸਿੰਘ ਕਾਹਨੇਕੇ, ਮਹਾਰਾਜਾ ਰਿਪੁਦਮਨ ਸਿੰਘ ਦੇ ਪਰਿਵਾਰ ਵਿੱਚੋਂ ਰਾਜਾ ਭਾਨੂਪ੍ਰਤਾਪ ਸਿੰਘ ਨਾਭਾ, ਮਹਾਰਾਣੀ ਪ੍ਰੀਤੀ ਸਿੰਘ, ਮਹਾਰਾਣੀ ਓਮਾ ਸਿੰਘ, ਯੁਵਰਾਜ ਅਭੀ ਉਦੇਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਬਘੇਲ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ, ਇੰਚਾਰਜ ਸ. ਮਨਜੀਤ ਸਿੰਘ, ਸ. ਜਸਵਿੰਦਰ ਸਿੰਘ ਬਡਰੁਖਾਂ, ਬਾਬਾ ਲਾਲ ਸਿੰਘ ਧੂੜਕੋਟ, ਸ. ਦਰਬਾਰਾ ਸਿੰਘ, ਸ. ਜਸਵੰਤ ਸਿੰਘ ਧੂੜਕੋਟ, ਸ. ਪਰਵਿੰਦਰ ਸਿੰਘ, ਸ. ਲਖਵਿੰਦਰ ਸਿੰਘ, ਬੀਬੀ ਕਮਲਜੀਤ ਕੌਰ, ਸ. ਕਰਨੈਲ ਸਿੰਘ ਸੰਧੂ, ਸ. ਗੁਰਬਿੰਦਰ ਸਿੰਘ, ਸ. ਬਲਵੀਰ ਸਿੰਘ ਨਿੱਜਰ, ਸ. ਕੁੰਦਨ ਸਿੰਘ, ਜਥੇਦਾਰ ਮਹਿੰਦਰ ਸਿੰਘ ਮਾਹਲਪੁਰ, ਪ੍ਰਿੰਸੀਪਲ ਜਸਪਾਲ ਸਿੰਘ, ਸ. ਕਮਲਜੀਤ ਸਿੰਘ ਬੋਪਾਰਾਏ, ਸ. ਪਰਮਜੋਤ ਸਿੰਘ ਅਨੰਦ, ਸ. ਸਨਮੀਤ ਸਿੰਘ, ਬੀਬੀ ਸੁਰਿੰਦਰ ਕੌਰ ਕੈਨੇਡਾ, ਬੀਬੀ ਗੁਰਜੀਤ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।