July 2, 2024 9:49 pm
Punjab

ਪੰਜਾਬ ਦੇ ਲੋਕ ਸਿਆਸੀ ਸੂਝ ਰੱਖਦੇ ਹੋਏ ਹਰ ਹਾਲਤ ਛੇਤੀ ਹੀ ਸਮਝ ਜਾਂਦੇ ਹਨ, ਭਾਰਤੀਆਂ ਨੂੰ ਲੰਮਾਂ ਸਮਾਂ ਗੁੰਮਰਾਹ ਨਹੀਂ ਕੀਤਾ ਜਾ ਸਕਦਾ: ਹਰਚੰਦ ਬਰਸਟ

ਪਟਿਆਲਾ,11 ਮਈ 2024: ਆਮ ਆਦਮੀ ਪਾਰਟੀ ਪੰਜਾਬ (Punjab) ਦੇ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਨੇ ਇੱਕ ਵਾਰੀ ਫਿਰ ਪੂਰੇ ਭਾਰਤ ਦੀ ਰਾਜਨੀਤੀ ਵਿੱਚ ਉਬਾਲ ਲੈ ਆਂਦਾ ਹੈ। ਭਾਰਤੀ ਜਨਤਾ ਪਾਰਟੀ ਦੀ ਸਮੁੱਚੇ ਮੀਡੀਆ ਨੂੰ ਕਾਬੂ ਕਰਕੇ ਕਦੇ ਧਰਮ ਦੇ ਨਾਂ ਤੇ, ਕਦੇ ਜਾਤ ਫਿਰਕੇਆਂ ਦੇ ਨਾਂ ਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਅਤੇ ਭਟਕਾਉਂਣ ਦੀ ਨੀਤੀ ਭਾਰਤ ਵਾਸੀ ਸਮਝ ਚੁੱਕੇ ਹਨ। ਸਾਲ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਜਿਸ ਢੰਗ ਨਾਲ ਵਿਦੇਸ਼ਾਂ ਵਿੱਚੋ ਕਾਲਾ ਧਨ ਵਾਪਸ ਲਿਆਉਣ ਦਾ ਡੰਕਾ ਵਜਾਇਆ ਗਿਆ, ਹਰ ਸਾਲ ਦੋ ਕਰੋੜ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆ, ਸਾਰਿਆਂ ਦੇ ਖਾਤੇ ਵਿੱਚ 15-15 ਲੱਖ ਪਾਉਣ ਦੀ ਦੁਹਾਈ ਦਿੱਤੀ ਗਈ, ਮੀਡੀਏ ਤੇ ਮੋਦੀ, ਮੋਦੀ, ਮੋਦੀ ਅਤੇ ਮੋਦੀ ਦੇ ਬਿਆਨਾ ਰਾਹੀਂ ਆਮ ਜਨ ਮਾਣਸ ਨੂੰ ਗੁੰਮਰਾਹ ਕੀਤਾ ਗਿਆ।

ਫਿਰ 2019 ਤੋਂ ਰਾਮ ਮੰਦਿਰ ਦਾ ਮਾਮਲਾ, ਇੱਕ ਦੇਸ਼ ਇੱਕ ਭਾਸ਼ਾ, ਲਵ ਜਿਹਾਦ, ਤੀਨ ਤਲਾਕ ਵਰਗੇ ਮਸਲੇ ਉਠਾ ਕੇ ਜਨਤਾ ਨੂੰ ਗੁੰਮਰਾਹ ਕਰਨ ਦਾ ਨਾ ਕਾਮਯਾਬ ਹੋਣ ਵਾਲਾ ਰਵੱਈਆਂ ਅਪਣਾ ਰੱਖਿਆ ਹੈ। ਦੂਜੇ ਪਾਸੇ ਵਧ ਰਹੀ ਮਹਿੰਗਾਈ ਬੇਰੋਜਗਾਰੀ ਵਰਗੇ ਮਸਲਿਆਂ ਤੇ ਕੋਈ ਬਿਆਨ ਨਹੀ, ਧਿਆਨ ਨਹੀ। ਪਿਛਲੇ 10 ਸਾਲਾ ਤੋਂ ਅਮੀਰ ਤੇ ਗਰੀਬ ਦਾ ਪਾੜਾ ਵੱਡਾ ਹੋ ਰਿਹਾ ਹੈ ਦੇਸ਼ ਦੇ ਕੁਝ ਪੂੰਜੀਪਤੀਆਂ ਨੂੰ ਸਰਕਾਰ ਵੱਲੋ ਹਰ ਪੱਧਰ ਤੇ ਮਦਦ ਕੀਤੀ ਜਾ ਰਹੀ ਹੈ।
ਪਬਲਿਕ ਸੈਕਟਰ ਦੇ ਅਦਾਰੇ ਰੇਲ, ਭੇਲ, ਡਾਕ, ਤਾਰ, ਬੀ.ਐਸ.ਐਨ.ਐਲ., ਹਵਾਈ ਅੱਡੇ, ਬੰਦਰਗਾਹਾਂ, ਕੋਇਲੇ ਦੀਆਂ ਖਾਨਾਂ ਸਭ ਵੱਡੇ ਘਰਾਣਿਆਂ ਨੂੰ ਲੀਜ ਕਰ ਦਿੱਤੀਆਂ ਹਨ ਜੋ ਕਿ ਲਗਾਤਾਰ ਨੋਕਰੀਆਂ ਤੇ ਕਟੋਤੀ ਲਗਾ ਰਹੇ ਹਨ।

ਅਡਾਨੀ, ਅੰਬਾਨੀ ਵਰਗੇ ਹੋਰ 22 ਵੱਡੇ ਪੂੰਜੀਪਤੀਆਂ ਨੂੰ ਬੈਂਕ ਡੈਟ ਕਰਜਾ ਪਿਛਲੇ ਸਾਢੇ 9 ਸਾਲਾਂ ਵਿੱਚ 16 ਲੱਖ ਕਰੋੜ ਤੋ ਵੱਧ ਦਾ ਮੁਆਫ਼ ਕਰ ਦਿੱਤਾ ਗਿਆ। ਮਜਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਲੋਕਤੰਤਰ ਅਤੇ ਸੰਵਿਧਾਨ ਤੋਂ ਉਲਟ ਜਾ ਕੇ ਫੈਸਲੇ ਲਏ ਜਾ ਰਹੇ ਹਨ। ਵਿਜੀਲੈਂਸ, ਈ.ਡੀ., ਸੀ.ਬੀ.ਆਈ. ਵਰਗੇ ਅਦਾਰਿਆਂ ਨੂੰ ਵਿਰੋਧੀ ਦੀ ਬਾਹ ਮਰੋੜਣ ਦਾ ਹਥਿਆਰ ਬਣਾ ਲਿਆ ਗਿਆ ਹੈ। ਇਸੇ ਹਥਿਆਰ ਰਾਹੀ ਬਾਹ ਮਰੋੜ ਕੇ ਇਲੈਕਟਰੋਲ ਬੋਂਡ ਦੇ ਨਾਂ ਤੇ ਵੱਡੀਆਂ ਕੰਪਨੀਆਂ ਤੋਂ ਫਿਰੋਤੀਆਂ ਲਈਆਂ ਜਾ ਰਹੀਂਆਂ ਹਨ।

ਅੱਜ ਰਿਜ਼ਰਵ ਬੈਂਕ, ਇਲੈਕਸ਼ਨ ਕਮਿਸ਼ਨ, ਕੰਟਰੋਲਰ ਜਨਰਲ ਦੇ ਨਾਲ ਨਾਲ ਨਿਆ ਪਾਲਕਾ ਵੀ ਦਬਾਅ ਅਧੀਨ ਹੈ। ਪਹਿਲੀ ਵਾਰੀ ਭਾਰਤ ਦੇ ਇਤਿਹਾਸ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਜੱਜ਼ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਹੈ ਕਿ ਸਾਡੇ ਤੇ ਦਬਾਅ ਹੈ। ਮੀਡੀਆਂ ਤਾਂ ਪੂਰੀ ਤਰਾਂ ਇੱਕ ਹੀ ਰਾਜਨੀਤਕ ਪਾਰਟੀ ਦੇ ਆਗੂ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਪ੍ਰਚਾਰਕ ਚੈਨਲ ਭੋਪੂ, ਅਖਬਾਰ ਇਸ਼ਤਿਹਾਰ ਬਣ ਚੁੱਕੇ ਹਨ।

ਭਾਰਤ ਵਾਸੀ ਅਤੇ ਪੰਜਾਬ (Punjab) ਵਾਸੀ ਸਾਰੇ ਹਾਲਤਾਂ ਤੋਂ ਭਲੀ ਭਾਂਤੀ ਜਾਣੂ ਹਨ ਇਹ ਸਮਝ ਰਹੇ ਹਨ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣਾ ਹੈ ਅਤੇ ਉਹ ਸੁਚੇਤ ਹੋ ਕੇ ਕੰਮ ਕਰ ਰਹੇ ਹਨ । ਹੋਰ ਹੰਬਲਾ ਮਾਰਨ ਦੀ ਲੋੜ ਹੈ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 13 ਸੀਟਾਂ ਤੇ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਹੁਤ ਜੋਰਦਾਰ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਜਿਨਾਂ ਵਿੱਚ ਮੁਫਤ ਬਿਜਲੀ, 43,000 ਸਰਕਾਰੀ ਨੋਕਰੀਆਂ, ਭੈਣਾਂ ਲਈ ਮੁਫਤ ਬੱਸ ਸਫਰ, ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ, ਵਪਾਰੀਆਂ ਨੂੰ ਦਿੱਤੀਆਂ ਸਹੂਲਤਾਂ ਤੋਂ ਪੰਜਾਬ ਵਾਸੀ ਖੁਸ਼ ਹਨ। ਇਸ ਲਈ ਸਾਰੀਆਂ ਸੀਟਾਂ ਸ.ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਜਿੱਤੇਗੀ।