ਪੰਜਾਬ, 21 ਮਾਰਚ 2026: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਾਲੀਆ ਬਿਆਨਾਂ ਦ ਆਲੋਚਨਾ ਕੀਤੀ ਹੈ। ਬਲਤੇਜ ਪੰਨੂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਬੇਅਦਬੀ ਦੀਆਂ ਘਟਨਾਵਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀ ਸਿਆਸੀ ਜ਼ਮੀਨ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਉਨ੍ਹਾਂ ਦੀ ਅਸਲੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਬਲਤੇਜ ਪੰਨੂ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਹਨ ਕਿ ‘ਆਪ’ ਦੇ ਆਉਣ ਤੋਂ ਬਾਅਦ ਪੰਜਾਬ ‘ਚ ਬੇਅਦਬੀ ਸ਼ੁਰੂ ਹੋਈ। ਸ਼ਾਇਦ ਉਹ ਭੁੱਲ ਗਏ ਹਨ ਕਿ 1986 ‘ਚ ਜਦੋਂ ਨਕੋਦਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਇਨਸਾਫ਼ ਮੰਗ ਰਹੇ 4 ਨੌਜਵਾਨ ਸ਼ਹੀਦ ਹੋਏ, ਉਦੋਂ ਪੰਜਾਬ ‘ਚ ਕਿਸ ਦੀ ਸਰਕਾਰ ਸੀ? ਕੀ ਉਦੋਂ ਆਮ ਆਦਮੀ ਪਾਰਟੀ ਪੰਜਾਬ ‘ਚ ਸੀ?
ਬਲਤੇਜ ਪੰਨੂ ਨੇ 2015 ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸਵਾਲ ਕੀਤਾ ਕਿ ਜੂਨ 2015 ‘ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ, ਉਦੋਂ ਸੱਤਾ ‘ਚ ਕੌਣ ਸੀ? ਜੂਨ ‘ਚ ਚੋਰੀ ਹੋਈ ਬੀੜ ਦੀ ਬੇਅਦਬੀ ਅਕਤੂਬਰ 2015 ‘ਚ ਕੀਤੀ । ਇਸ ਪੂਰੇ ਦੌਰ ‘ਚ ਪੰਜਾਬ ਦੀ ਸੱਤਾ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਸੀ। ਕੀ ਉਸ ਵੇਲੇ ਪੰਜਾਬ ‘ਚ ‘ਆਪ’ ਦੀ ਸਰਕਾਰ ਸੀ? ਸੱਚ ਤਾਂ ਇਹ ਹੈ ਕਿ ਤੁਹਾਡੀ ਸਰਕਾਰ ਨੇ ਹੀ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ।
ਬਲਤੇਜ ਪੰਨੂ ਨੇ ਕਿਹਾ ਕਿ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ‘ਤੇ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ ‘ਤੇ ਪੁਲਿਸ ਨੇ ਬਰਬਰਤਾ ਕੀਤੀ ਅਤੇ ਬਹਿਬਲ ਕਲਾਂ ‘ਚ ਗੋਲੀਬਾਰੀ ਦੌਰਾਨ ਦੋ ਨਿਰਦੋਸ਼ ਸਿੱਖ ਸ਼ਹੀਦ ਹੋਏ। ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਸਪੱਸ਼ਟ ਤੌਰ ‘ਤੇ ਇਸ਼ਾਰਾ ਕਰਦੀਆਂ ਹਨ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਅਸਲੀ ਚਿਹਰੇ ਕੌਣ ਸਨ। ਅੱਜ ਸੁਖਬੀਰ ਸਿੰਘ ਬਾਦਲ ਖੁਦ ਕੋਟਕਪੂਰਾ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਹਨ। ਉਨ੍ਹਾਂ ਦੇ ਨਾਲ ਸੁਮੇਧ ਸੈਣੀ, ਚਰਨਜੀਤ ਸ਼ਰਮਾ ਅਤੇ ਉਮਰਾਨੰਗਲ ਵਰਗੇ ਲੋਕ ਵੀ ਜ਼ਮਾਨਤ ‘ਤੇ ਹਨ, ਜੋ ਇਨ੍ਹਾਂ ਦੇ ਸ਼ਾਸਨਕਾਲ ਦੇ ਕਾਲੇ ਕਾਰਨਾਮਿਆਂ ਦੀ ਗਵਾਹੀ ਦਿੰਦੇ ਹਨ।
ਬਲਤੇਜ ਪੰਨੂ ਨੇ 2007 ਤੋਂ 2017 ਤੱਕ ਦਾ ਅਕਾਲੀ ਦਲ ਦਾ ਸ਼ਾਸਨ ਪੰਜਾਬ ਦੇ ਇਤਿਹਾਸ ਦਾ ਕਾਲਾ ਅਧਿਆਇ ਦੱਸਿਆ। ਪੰਜਾਬ ਨੂੰ ਨਸ਼ੇ, ਭ੍ਰਿਸ਼ਟਾਚਾਰ ਅਤੇ ਬੇਅਦਬੀ ਦੇ ਕਾਲੇ ਦੌਰ ‘ਚ ਧੱਕਣ ਦੇ ਪਿੱਛੇ ਕੋਈ ਹੋਰ ਨਹੀਂ, ਸਗੋਂ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਹੀ ਹੈ। ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਹੁਣ ਉਹ ‘ਆਪ’ ‘ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਪਰ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ।
Read More: CM ਭਗਵੰਤ ਮਾਨ ਨੇ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਲਿਆ ਅਸਤੀਫ਼ਾ




