30 ਦਸੰਬਰ 2024: Mukh Mantri Teerth Yatra Yojana Scheme: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਹਜ਼ਾਰਾਂ ਸ਼ਰਧਾਲੂਆਂ ਨੂੰ ਮੁਫ਼ਤ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ | ਪੰਜਾਬ ਸਰਕਾਰ ਵੱਲੋਂ 27 ਨਵੰਬਰ 2023 ਨੂੰ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਸ਼ੁਰੂਆਤ ਕੀਤੀ ਗਈ ਸੀ|
ਪੰਜਾਬ ਸਰਕਾਰ ਦੀ ਇਹ ਵਿਲੱਖਣ ਸਕੀਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਫਲਸਫ਼ੇ ਮੁਤਾਬਕ ਲੋਕਾਂ ਨੂੰ ਭਾਈਚਾਰੇ ਅਤੇ ਅਮਨ ਦਾ ਸੰਦੇਸ਼ ਦਿੰਦੀ ਹੈ। ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਤੀਰਥ ਅਸਥਾਨਾਂ ਦੀ ਯਾਤਰਾ ਲਈ ਆਉਣ-ਜਾਣ, ਖਾਣ-ਪੀਣ ਅਤੇ ਰਹਿਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ | ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਐਮਰਜੈਂਸੀ ਲਈ ਸੰਗਤਾਂ ਨਾਲ ਡਾਕਟਰਾਂ, ਵਲੰਟੀਅਰਾਂ ਅਤੇ ਅਧਿਕਾਰੀਆਂ ਦੀ ਇਕ ਟੀਮ ਨਾਲ ਜਾਂਦੀ ਹੈ |
ਇਸਦੇ ਨਾਲ ਹੀ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਇੱਕ ਕਿੱਟ ਦਿੱਤੀ ਜਾਂਦੀ ਹੈ, ਜਿਸ ‘ਚ ਬੈੱਡਸ਼ੀਟ, ਕੰਬਲ, ਤੌਲੀਆ, ਤੇਲ ਅਤੇ ਕੰਘੀ ਆਦਿ ਜ਼ਰੂਰਤ ਦਾ ਸਮਾਨ ਮਿਲਦਾ ਹੈ | ਇਹ ਕਿੱਟ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ | ‘ਮੁੱਖ ਤੀਰਥ ਯਾਤਰਾ ਯੋਜਨਾ’ ਦੇ ਤਹਿਤ ਪੰਜਾਬ ਦੇ ਵਸਨੀਕਾਂ ਨੇ ਆਪਣੀ ਪਸੰਦ ਦੇ ਤੀਰਥ ਸਥਾਨਾਂ ਦੀ ਬੱਸ ਅਤੇ ਰੇਲਗੱਡੀ ਰਾਹੀਂ ਮੁਫ਼ਤ ਯਾਤਰਾ ਕਰਕੇ ਦਰਸ਼ਨ ਕੀਤੇ | ਪੰਜਾਬ ਸਰਕਾਰ ਮੁਤਾਬਕ ਹੁਣ ਤੱਕ 33,500 ਤੋਂ ਵੱਧ ਸੰਗਤਾਂ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ |
ਪੰਜਾਬ ਸਰਕਾਰ ਦੀ ਇਸ ਸਕੀਮ (Mukh Mantri Teerth Yatra Yojana Scheme) ਤਹਿਤ ਰੇਲ ਗੱਡੀਆਂ ਰਾਹੀਂ ਸੰਗਤਾਂ ਨੂੰ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ, ਵਾਰਾਨਸੀ, ਮਥੁਰਾ, ਅਜਮੇਰ ਸ਼ਰੀਫ਼ ਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ। ਇਸਦੇ ਨਾਲ ਬੱਸਾਂ ਰਾਹੀਂ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਵੈਸ਼ਨੋ ਦੇਵੀ, ਮਾਤਾ ਚਿੰਤਪੁਰਨੀ ਜੀ, ਮਾਤਾ ਨੈਣਾ ਦੇਵੀ ਜੀ, ਮਾਤਾ ਜਵਾਲਾ ਜੀ, ਸਾਲਾਸਰ ਧਾਮ, ਖਾਟੂ ਸ਼ਿਆਮ ਜੀ ਅਤੇ ਹੋਰ ਸਥਾਨਾਂ ਦੀ ਯਾਤਰਾ ਕਰਵਾਈ | ਸਕੀਮ ਤਹਿਤ ਇੱਕ ਬੱਸ ਵਿੱਚ ਸਿਰਫ 43 ਯਾਤਰੀ ਸਫ਼ਰ ਕਰ ਸਕਦੇ ਹਨ |
ਪੰਜਾਬ ਸਰਕਾਰ ਦੀ ਮੁਫ਼ਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਲਈ ਔਨਲਾਈਨ ਅਪਲਾਈ ਕਰਨ ਲਈ ਪੰਜਾਬ ਦਾ ਰਿਹਾਇਸ਼ੀ ਸਬੂਤ, ਵੋਟਰ ਪਛਾਣ ਪੱਤਰ, ਆਧਾਰ ਕਾਰਡ, ਉਮਰ ਦਾ ਸਬੂਤ, ਮੋਬਾਇਲ ਨੰਬਰ, ਈਮੇਲ ਆਈ.ਡੀ ਅਤੇ ਸਿਹਤ ਸਰਟੀਫਿਕੇਟ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ |
ਇਸ ਸਕੀਮ ਲਈ ਲਾਭਪਾਤਰੀ ਦੀ ਉਮਰ 60 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਪਣੇ ਨਾਲ ਇਕ ਨੌਜਵਾਨ ਨੂੰ ਦੇਖਭਾਲ ਲਈ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ। ਚੁਣੇ ਗਏ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ ਐਸਐਮਐਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ।
Read More: ਪੰਜਾਬ ਸਰਕਾਰ ਦੀ ਬੀਬੀਆਂ ਲਈ ਮੁਫ਼ਤ ਬੱਸ ਸਫ਼ਰ ਸਹੂਲਤ ਦੀ ਕ੍ਰਾਂਤੀਕਾਰੀ ਪਹਿਲ