ਚੰਡੀਗੜ੍ਹ 25 ਮਾਰਚ 2024: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (Pakistan Occupied Kashmir) ਦੇ ਭਾਰਤ ਵਿੱਚ ਰਲੇਵੇਂ ਦਾ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ‘ਤੇ ਹਮਲਾ ਕਰਨ ਅਤੇ ਉਸ ‘ਤੇ ਕਬਜ਼ਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ, ਕਿਉਂਕਿ ਉੱਥੇ ਅਜਿਹੀ ਸਥਿਤੀ ਪੈਦਾ ਹੋ ਰਹੀ ਹੈ ਕਿ ਮਕਬੂਜ਼ਾ ਕਸ਼ਮੀਰ ਦੇ ਲੋਕ ਖੁਦ ਭਾਰਤ ‘ਚ ਰਲੇਵੇਂ ਦੀ ਮੰਗ ਕਰ ਰਹੇ ਹਨ।
ਰੱਖਿਆ ਮੰਤਰੀ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਨੇ ਅੱਜ ਤੱਕ ਨਾ ਤਾਂ ਦੁਨੀਆ ਦੇ ਕਿਸੇ ਦੇਸ਼ ਉੱਤੇ ਹਮਲਾ ਕੀਤਾ ਹੈ ਅਤੇ ਨਾ ਹੀ ਕਿਸੇ ਦੀ ਇੱਕ ਇੰਚ ਜ਼ਮੀਨ ਉੱਤੇ ਕਬਜ਼ਾ ਕੀਤਾ ਹੈ। ਇਹ ਸਾਡਾ ਕਿਰਦਾਰ ਹੈ। ਮੈਂ ਇਹ ਵੀ ਕਹਿੰਦਾ ਹਾਂ ਕਿ ਪੀਓਕੇ ਸਾਡਾ ਸੀ ਅਤੇ ਸਾਡਾ ਹੈ। ਮੈਨੂੰ ਵਿਸ਼ਵਾਸ ਹੈ ਕਿ ਪੀਓਕੇ ਖੁਦ ਹੀ ਭਾਰਤ ‘ਚ ਆ ਜਾਵੇਗਾ।