flight

700 ਫੁੱਟ ਦੀ ਉਚਾਈ ‘ਤੇ ਯਾਤਰੀ ਨੇ ਫਲਾਈਟ ਦਾ ਖੋਲ੍ਹਿਆ ਐਮਰਜੈਂਸੀ ਦਰਵਾਜ਼ਾ, ਯਾਤਰੀ ਗ੍ਰਿਫਤਾਰ

ਚੰਡੀਗੜ੍ਹ, 26 ਮਈ 2023: ਦੱਖਣੀ ਕੋਰੀਆ ਵਿੱਚ ਏਸ਼ੀਆਨਾ ਏਅਰਲਾਈਨਜ਼ ਦੀ ਇੱਕ ਫਲਾਈਟ (flight) ਵਿੱਚ ਇੱਕ ਯਾਤਰੀ ਨੇ ਸ਼ੁੱਕਰਵਾਰ ਨੂੰ ਦਰਵਾਜ਼ਾ ਖੋਲ੍ਹ ਦਿੱਤਾ । ਫਲਾਈਟ ਦੇ ਲੈਂਡ ਹੋਣ ‘ਚ ਸਿਰਫ 2 ਮਿੰਟ ਬਾਕੀ ਸਨ, ਜਦੋਂ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਿਆ। ਉਸ ਸਮੇਂ ਜਹਾਜ਼ 700 ਫੁੱਟ ਦੀ ਉਚਾਈ ‘ਤੇ ਸੀ। ਇਸ ਘਟਨਾ ਤੋਂ ਬਾਅਦ ਗੇਟ ਖੋਲ੍ਹਣ ਵਾਲੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸੀਐਨਐਨ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ ਚਾਲਕ ਦਲ ਦੇ 6 ਮੈਂਬਰ ਅਤੇ 194 ਯਾਤਰੀ ਸਵਾਰ ਸਨ। ਇਸ ਦੌਰਾਨ 12 ਯਾਤਰੀ ਜ਼ਖਮੀ ਹੋ ਗਏ ਹਨ । ਇਕ ਚਸ਼ਮਦੀਦ ਨੇ ਦੱਸਿਆ- ਅਚਾਨਕ ਅਜਿਹਾ ਲੱਗਾ ਕਿ ਜਹਾਜ਼ ‘ਚ ਧਮਾਕਾ ਹੋਣ ਵਾਲਾ ਹੈ। ਦਰਵਾਜ਼ੇ ਕੋਲ ਬੈਠੇ ਯਾਤਰੀ ਬੇਹੋਸ਼ ਹੋਣ ਲੱਗੇ। ਫਲਾਈਟ ‘ਚ ਬੱਚੇ ਵੀ ਸਵਾਰ ਸਨ ਅਤੇ ਕੁਝ ਡਰ ਨਾਲ ਕੰਬ ਰਹੇ ਸਨ।

ਇਕ ਹੋਰ ਯਾਤਰੀ ਨੇ ਕਿਹਾ ਕਿ ਇਕ ਵਿਅਕਤੀ ਨੇ ਫਲਾਈਟ ਦਾ ਦਰਵਾਜ਼ਾ ਖੋਲ੍ਹਿਆ। ਉਹ ਫਲਾਈਟ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਇੱਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ। ਹਾਲਾਂਕਿ ਉਸ ਨੇ ਅਜਿਹਾ ਕਿਉਂ ਕੀਤਾ ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।

ਏਅਰਬੱਸ ਏ321-200 ਦੀ OZ8124 ਫਲਾਈਟ (flight) ਨੇ ਜੇਜੂ ਟਾਪੂ ਤੋਂ ਡੇਗੂ ਸ਼ਹਿਰ ਲਈ ਭਾਰਤੀ ਸਮੇਂ ਅਨੁਸਾਰ ਸਵੇਰੇ 9:15 ਵਜੇ ਉਡਾਣ ਭਰੀ। ਇਕ ਘੰਟੇ ਬਾਅਦ ਯਾਤਰੀ ਨੇ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ। ਉਤਰਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Scroll to Top