ਸੰਗਰੂਰ, 16 ਅਗਸਤ 2025: ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਨੇ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਪਿੰਡ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਪਿੰਡ ‘ਚ ਸਟਿੰਗ, ਚਾਰਜ, ਰੈੱਡ ਬੁੱਲ ਅਤੇ ਹੈਲ ਵਰਗੇ ਐਨਰਜੀ ਡਰਿੰਕਸ ਦੀ ਵਿਕਰੀ ਅਤੇ ਸੇਵਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਇਸ ਸਬੰਧ ‘ਚ ਪਿੰਡ ਦੇ ਸਾਰੇ ਪ੍ਰਵੇਸ਼ ਦੁਆਰ ‘ਤੇ ਵੱਡੇ ਫਲੈਕਸ ਬੋਰਡ ਲਗਾਏ ਗਏ ਹਨ। ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਐਨਰਜੀ ਡਰਿੰਕ ਨਾ ਰੱਖਣ ਅਤੇ ਵੇਚਣ। ਪੰਚਾਇਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਦੁਕਾਨਦਾਰ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਦੁਕਾਨਦਾਰਾਂ ਨੇ ਵੀ ਪੰਚਾਇਤ ਦਾ ਪੂਰਾ ਸਮਰਥਨ ਕੀਤਾ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਬੱਚਿਆਂ ਦੇ ਹਿੱਤ ‘ਚ ਇਸ ਫੈਸਲੇ ਦੀ ਪਾਲਣਾ ਕਰਨਗੇ। ਪਿੰਡ ਦੇ ਨੌਜਵਾਨ ਸਰਪੰਚ ਨੇ ਕਿਹਾ ਕਿ ਐਨਰਜੀ ਡਰਿੰਕਸ, ਖਾਸ ਕਰਕੇ ਲਾਲ ਅਤੇ ਨੀਲੇ ਡਰਿੰਕਸ ‘ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬੱਚਿਆਂ ‘ਚ ਨਸ਼ੇ ਦੀ ਆਦਤ ਸ਼ੁਰੂ ਕਰ ਸਕਦੀ ਹੈ। ਇਹ ਆਦਤ ਉਨ੍ਹਾਂ ਨੂੰ ਹੋਰ ਵੱਡੇ ਨਸ਼ਿਆਂ ਵੱਲ ਧੱਕਦੀ ਹੈ।
ਉਪਲੀ ਪੰਚਾਇਤ ਨੇ ਪਿੰਡ ‘ਚ ਨਸ਼ੇ ਨੂੰ ਰੋਕਣ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਕਈ ਹੋਰ ਸਖ਼ਤ ਨਿਯਮ ਲਾਗੂ ਕੀਤੇ ਹਨ। ਜਿਨ੍ਹਾਂ ‘ਚੋਂ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਕੋਈ ਵੀ ਦੁਕਾਨਦਾਰ ਐਨਰਜੀ ਡਰਿੰਕ ਨਹੀਂ ਵੇਚੇਗਾ, ਉਲੰਘਣਾ ਕਰਨ ‘ਤੇ ਸਮਾਜਿਕ ਬਾਈਕਾਟ ਦੀ ਸਜ਼ਾ ਹੋਵੇਗੀ।
ਜਿਸ ਤੋਂ ਬਾਅਦ ਜੇਕਰ ਕੋਈ ਪਿੰਡ ‘ਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਜਾਂ ਵੇਚਦਾ ਫੜਿਆ ਜਾਂਦਾ ਹੈ, ਤਾਂ ਪੰਚਾਇਤ ਜਾਂ ਕੋਈ ਵੀ ਵਿਅਕਤੀ ਉਸਦੀ ਜ਼ਮਾਨਤ ਜਾਂ ਵਕੀਲ ਨਹੀਂ ਕਰੇਗਾ। ਜੇਕਰ ਕੋਈ ਪ੍ਰਵਾਸੀ ਪਿੰਡ ‘ਚ ਰਹਿੰਦਾ ਹੈ, ਤਾਂ ਮਕਾਨ ਮਾਲਕ ਨੂੰ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਪਵੇਗੀ ਅਤੇ ਇਸਦੀ ਇੱਕ ਕਾਪੀ ਪੰਚਾਇਤ ਨੂੰ ਦੇਣੀ ਪਵੇਗੀ। ਪੰਚਾਇਤ ਵੱਲੋਂ ਅਜਿਹੇ ਕੁੱਲ 9 ਹੁਕਮ ਦਿੱਤੇ ਗਏ ਹਨ।
Read More: NCB ਵੱਲੋਂ ਜਲ੍ਹਿਆਂਵਾਲਾ ਬਾਗ ‘ਚ ਨੁੱਕੜ ਨਾਟਕ, ਨਸ਼ਿਆਂ ਖ਼ਿਲਾਫ ਦਿੱਤਾ ਸਖ਼ਤ ਸੁਨੇਹਾ