July 2, 2024 10:24 pm
PCB

ਪਾਕਿਸਤਾਨੀ ਟੀਮ ਨੂੰ ਸਰਕਾਰ ਤੋਂ ਭਾਰਤ ਆਉਣ ਦੀ ਨਹੀਂ ਮਿਲੀ ਇਜਾਜ਼ਤ, ICC ਨੇ ਕਿਹਾ-PCB ਐਗਰੀਮੈਂਟ ਤੋਂ ਪਿੱਛੇ ਨਹੀਂ ਹਟ ਸਕਦੀ

ਚੰਡੀਗੜ੍ਹ, 28 ਜੂਨ 2023: ਭਾਰਤ ‘ਚ ਅਕਤੂਬਰ-ਨਵੰਬਰ ਵਿਚਾਲੇ ਹੋਣ ਵਾਲੇ ਵਨਡੇ ਵਿਸ਼ਵ ਕੱਪ ਦਾ ਸ਼ਡਿਊਲ ਬੁੱਧਵਾਰ ਨੂੰ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ (Pakistan) ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਵਿਸ਼ਵ ਕੱਪ ‘ਚ ਹਿੱਸਾ ਲੈਣ ‘ਤੇ ਬਿਆਨ ਜਾਰੀ ਕੀਤਾ। ਪੀਸੀਬੀ ਨੇ ਕਿਹਾ ਕਿ ਵਿਸ਼ਵ ਕੱਪ ‘ਚ ਹਿੱਸਾ ਲੈਣ ਨੂੰ ਲੈ ਕੇ ਪਾਕਿਸਤਾਨ ਸਰਕਾਰ ਤੋਂ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਹੈ।

ਪੀਸੀਬੀ ਦੇ ਬਿਆਨ ‘ਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪ੍ਰਤੀਕਿਰਿਆ ਦਿੱਤੀ ਹੈ। ਆਈਸੀਸੀ ਨੇ ਕਿਹਾ ਕਿ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਪੀਸੀਬੀ ਨੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਸਾਨੂੰ ਯਕੀਨ ਹੈ ਕਿ ਪਾਕਿਸਤਾਨ ਦੀ ਟੀਮ ਇਸ ਐਗਰੀਮੈਂਟ ਤੋਂ ਪਿੱਛੇ ਨਹੀਂ ਹਟੇਗੀ। ਆਈਸੀਸੀ ਨੇ ਕਿਹਾ ਕਿ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਆਪਣੇ ਦੇਸ਼ ਦੇ ਨਿਯਮਾਂ ਨਾਲ ਬੰਨ੍ਹੀਆਂ ਹੋਈਆਂ ਹਨ ਅਤੇ ਅਸੀਂ ਇਸ ਦਾ ਸਨਮਾਨ ਵੀ ਕਰਦੇ ਹਾਂ। ਹਾਲਾਂਕਿ ਸਾਨੂੰ ਭਰੋਸਾ ਹੈ ਕਿ ਪਾਕਿਸਤਾਨ ਵਿਸ਼ਵ ਕੱਪ ਖੇਡਣ ਲਈ ਭਾਰਤ ਜ਼ਰੂਰ ਆਵੇਗਾ।ਆਈਸੀਸੀ ਦੇ ਮੌਜੂਦਾ ਪ੍ਰਧਾਨ ਜਾਰਜ ਬਾਰਕਲੇ ਹਨ। ਪਾਕਿਸਤਾਨ ਨਾਕਆਊਟ ਦੌਰ ਤੋਂ ਪਹਿਲਾਂ ਵਿਸ਼ਵ ਕੱਪ ‘ਚ 9 ਮੈਚ ਖੇਡੇਗਾ। ਟੂਰਨਾਮੈਂਟ ਦਾ ਸਭ ਤੋਂ ਚਰਚਿਤ ਮੈਚ ਯਾਨੀ ਭਾਰਤ-ਪਾਕਿਸਤਾਨ ਮੈਚ 15 ਅਕਤੂਬਰ ਨੂੰ ਹੋਣਾ ਹੈ।

ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ (Pakistan) ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਅਜੇ ਤੱਕ ਪੀਸੀਬੀ ਨੂੰ ਵਿਸ਼ਵ ਕੱਪ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਜੁਲਾਈ ਦੇ ਪਹਿਲੇ ਹਫਤੇ ਪਾਕਿਸਤਾਨ ਸਰਕਾਰ ਇਸ ਬਾਰੇ ਫੈਸਲਾ ਲਵੇਗੀ ਕਿ ਉਨ੍ਹਾਂ ਦੀ ਟੀਮ ਵਨਡੇ ਵਿਸ਼ਵ ਕੱਪ ਖੇਡਣ ਲਈ ਭਾਰਤ ਜਾਵੇਗੀ ਜਾਂ ਨਹੀਂ।

ਭਾਰਤ ਵਿੱਚ ਕਿਸੇ ਵੀ ਦੌਰੇ ਲਈ ਪੀਸੀਬੀ ਨੂੰ ਪਾਕਿਸਤਾਨ ਸਰਕਾਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਭਾਰਤ ਵਿੱਚ ਜਿੱਥੇ ਮੈਚ ਹੋਣੇ ਹਨ, ਉਨ੍ਹਾਂ ਸਥਾਨਾਂ ਲਈ ਵੀ ਸਾਨੂੰ ਇਜਾਜ਼ਤ ਲੈਣੀ ਪੈਂਦੀ ਹੈ। ਜਿੱਥੋਂ ਤੱਕ ਵਿਸ਼ਵ ਕੱਪ ਦਾ ਸਵਾਲ ਹੈ, ਸਾਨੂੰ ਅਜੇ ਮਨਜ਼ੂਰੀ ਨਹੀਂ ਮਿਲੀ ਹੈ। ਅਸੀਂ ਲਗਾਤਾਰ ਸਰਕਾਰ ਦੇ ਸੰਪਰਕ ਵਿੱਚ ਹਾਂ ਤਾਂ ਜੋ ਵਿਸ਼ਵ ਕੱਪ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਸਕੀਏ। ਜਿਵੇਂ ਹੀ ਸਾਨੂੰ ਸਰਕਾਰ ਤੋਂ ਕੋਈ ਹਦਾਇਤ ਮਿਲਦੀ ਹੈ। ਅਸੀਂ ਇਸ ਬਾਰੇ ਆਈਸੀਸੀ ਨੂੰ ਸੂਚਿਤ ਕਰਾਂਗੇ।

ਜਿਕਰਯੋਗ ਹੈ ਕਿ ਆਈਸੀਸੀ ਅਤੇ ਬੀਸੀਸੀਆਈ ਨੇ ਦੋ ਮੈਚਾਂ ਦੇ ਸਥਾਨਾਂ ਨੂੰ ਬਦਲਣ ਦੀ ਪਾਕਿਸਤਾਨ (Pakistan) ਕ੍ਰਿਕਟ ਬੋਰਡ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਪਾਕਿਸਤਾਨ ਨੇ ਆਸਟਰੇਲੀਆ ਅਤੇ ਅਫਗਾਨਿਸਤਾਨ ਵਿਰੁੱਧ ਮੈਚਾਂ ਦੇ ਸਥਾਨਾਂ ਨੂੰ ਬਦਲਣ ਦੀ ਵੀ ਮੰਗ ਕੀਤੀ ਸੀ।

ਪਾਕਿਸਤਾਨ ਚਾਹੁੰਦਾ ਹੈ ਕਿ ਇਨ੍ਹਾਂ ਦੋ ਮੈਚਾਂ ਲਈ ਸਥਾਨਾਂ ਦੀ ਅਦਲਾ-ਬਦਲੀ ਕੀਤੀ ਜਾਵੇ, ਭਾਵ ਪਾਕਿਸਤਾਨ ਨੇ ਆਸਟਰੇਲੀਆ ਨਾਲ ਚੇਪੌਕ ਵਿਖੇ ਅਤੇ ਅਫਗਾਨਿਸਤਾਨ ਨੇ ਚਿੰਨਾਸਵਾਮੀ ਵਿਖੇ ਖੇਡੇ। ਹਾਲਾਂਕਿ, ਆਈਸੀਸੀ ਅਤੇ ਬੀਸੀਸੀਆਈ ਨੇ ਪੀਸੀਬੀ ਦੀ ਮੰਗ ਨੂੰ ਠੁਕਰਾ ਦਿੱਤਾ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੂੰ ਆਪਣੇ ਮੈਚ ਨਿਰਧਾਰਿਤ ਸਥਾਨ ‘ਤੇ ਹੀ ਖੇਡਣੇ ਹੋਣਗੇ।

ਚਿੰਨਾਸਵਾਮੀ ਮੈਦਾਨ ਦੌੜਾਂ ਲਈ ਜਾਣੇ ਜਾਂਦੇ ਹਨ ਅਤੇ ਉੱਥੇ ਕਿਸੇ ਵੀ ਸਕੋਰ ਦਾ ਪਿੱਛਾ ਕੀਤਾ ਜਾ ਸਕਦਾ ਹੈ। ਪਾਕਿਸਤਾਨ ਨੂੰ ਇਸ ਗੱਲ ਦਾ ਡਰ ਸੀ ਕਿ ਦੋਵਾਂ ਵਿੱਚੋਂ ਕਿਸੇ ਵੀ ਮੈਚ ਵਿੱਚ ਉਹ ਚਹੇਤੇ ਵਜੋਂ ਮੈਦਾਨ ਵਿੱਚ ਨਾ ਉਤਰੇ। ਚੇਪੌਕ ਵਿੱਚ ਗੇਂਦ ਬਹੁਤ ਜ਼ਿਆਦਾ ਘੁੰਮਦੀ ਹੈ ਅਤੇ ਅਫਗਾਨਿਸਤਾਨ ਵਿੱਚ ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ ਅਤੇ ਨੂਰ ਅਹਿਮਦ ਸਮੇਤ ਵਿਸ਼ਵ ਪੱਧਰੀ ਸਪਿਨਰ ਹਨ ਜੋ ਪਾਕਿਸਤਾਨ (Pakistan) ਲਈ ਇੱਕ ਵੱਡਾ ਖ਼ਤਰਾ ਹੋ ਸਕਦੇ ਹਨ। ਇਸ ਕਾਰਨ ਉਨ੍ਹਾਂ ਨੇ ਸਥਾਨ ਬਦਲਣ ਦੀ ਮੰਗ ਕੀਤੀ ਸੀ।