ਚੰਡੀਗੜ੍ਹ, 02 ਅਗਸਤ 2023: ਭਾਰਤ ਵਿੱਚ ਹੋਣ ਜਾ ਰਹੇ ਵਨਡੇ ਵਿਸ਼ਵ ਕੱਪ 2023 ‘ਚ 15 ਅਕਤੂਬਰ ਨੂੰ ਅਹਿਮਦਾਬਾਦ ‘ਚ ਹੋਣ ਵਾਲੇ ਭਾਰਤ-ਪਾਕਿਸਤਾਨ (India-Pakistan) ਮੈਚ ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਇਹ ਮੈਚ ਹੁਣ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਤਰੀਕ ਬਦਲਣ ਲਈ ਸਹਿਮਤੀ ਜਤਾਈ ਹੈ।
ਸ਼੍ਰੀਲੰਕਾ ਖ਼ਿਲਾਫ਼ ਪਾਕਿਸਤਾਨ ਦੇ ਮੈਚ ਦੀ ਤਾਰੀਖ਼ ਵੀ ਬਦਲ ਦਿੱਤੀ ਗਈ ਹੈ। ਇਹ ਮੈਚ 12 ਅਕਤੂਬਰ ਨੂੰ ਖੇਡਿਆ ਜਾਣਾ ਸੀ। ਹੁਣ ਇਹ ਮੈਚ 10 ਅਕਤੂਬਰ ਨੂੰ ਹੋਵੇਗਾ। ਇਸ ਬਦਲਾਅ ਕਾਰਨ ਪਾਕਿਸਤਾਨ ਨੂੰ ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ 3 ਦਿਨ ਦਾ ਗੈਪ ਮਿਲੇਗਾ। ਇੱਕ ਰੋਜ਼ਾ ਵਿਸ਼ਵ ਕੱਪ 5 ਅਕਤੂਬਰ ਤੋਂ ਖੇਡਿਆ ਜਾਵੇਗਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਜੂਨ ਦੇ ਅਖੀਰ ਵਿੱਚ ਇਸ ਦਾ ਸਮਾਂ-ਸਾਰਣੀ ਜਾਰੀ ਕੀਤੀ ਸੀ। ਹੋਰ ਟੀਮਾਂ ਦੇ ਕੁਝ ਮੈਚਾਂ ਦਾ ਸਮਾਂ ਵੀ ਬਦਲਿਆ ਜਾ ਸਕਦਾ ਹੈ। ICC ਜਲਦ ਹੀ ਨਵਾਂ ਸ਼ਡਿਊਲ ਜਾਰੀ ਕਰੇਗਾ।
ਸੁਰੱਖਿਆ ਏਜੰਸੀਆਂ ਨੇ ਅਹਿਮਦਾਬਾਦ ‘ਚ 15 ਅਕਤੂਬਰ ਨੂੰ ਹੋਣ ਵਾਲੇ ਮੈਚ ‘ਤੇ ਚਿੰਤਾ ਪ੍ਰਗਟਾਈ ਸੀ। ਏਜੰਸੀਆਂ ਨੇ ਕਿਹਾ ਸੀ ਕਿ ਇਹ ਤਾਰੀਖ਼ ਨਰਾਤਿਆਂ ਦਾ ਪਹਿਲਾ ਦਿਨ ਹੋਵੇਗਾ । ਅਜਿਹੇ ‘ਚ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ‘ਚ ਦਿੱਕਤ ਆ ਸਕਦੀ ਹੈ। ਇਸ ਤੋਂ ਬਾਅਦ ICC ਅਤੇ BCCI ਨੇ ਪਾਕਿਸਤਾਨ ਬੋਰਡ ਨਾਲ ਸੰਪਰਕ ਕੀਤਾ ਅਤੇ 2 ਗਰੁੱਪ ਮੈਚਾਂ ਦੀ ਤਾਰੀਖ਼ ਬਦਲਣ ਦੀ ਗੱਲ ਕੀਤੀ।