July 8, 2024 1:44 am
ਗਿਰਦਾਵਰੀ

ਗੰਨੇ ਦੀ ਬਕਾਇਆ ਰਾਸ਼ੀ ਵੀ ਕੀਤੀ ਜਾਰੀ ਅਤੇ ਹੁਣ ਪ੍ਰਸ਼ਾਸ਼ਨ ਕਰ ਰਿਹੈ ਫ਼ਸਲਾਂ ਦੇ ਖ਼ਰਾਬੇ ਦੀ ਗਿਰਦਾਵਰੀ: ਡਾ. ਇੰਦਰਬੀਰ ਸਿੰਘ ਨਿੱਝਰ

ਗੁਰਦਾਸਪੁਰ, 08 ਅਪ੍ਰੈਲ 2023: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸਾਨੀ ਦੇ ਹਿੱਤ ‘ਚ ਉਨ੍ਹਾਂ ਦੇ ਨਾਲ ਖੜੀ ਹੈ | ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ਦੇ ਪਿੰਡ ਨਾਸਰਕੇ ‘ਚ ਚੀਫ ਖਾਲਸਾ ਦੀਵਾਨ ਦੇ ਤਹਿਤ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਸ਼ਾਮਲ ਹੋਏ ਮੂਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਦਾ ਕਹਿਣਾ ਸੀ ਕਿ ਉਹ ਸਕੂਲ ‘ਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵਜੋਂ ਆਏ ਹਨ |

ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਸਕੂਲ ਦੀ ਹੋਰ ਵੱਡੀ ਇਮਾਰਤ ਜਲਦ ਸ਼ੁਰੂ ਕੀਤੀ ਜਾਵੇਗੀ ਕਿ ਇਲਾਕੇ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਇਥੇ ਸਿੱਖਿਆ ਮਿਲ ਸਕੇ | ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨ ਦੇ ਹਿੱਤ ‘ਚ ਫੈਸਲੇ ਲੈ ਰਹੀ ਹੈ ਅਤੇ ਪਹਿਲਾ ਸਰਕਾਰ ਵਲੋਂ ਜੋ ਕਿਸਾਨ ਦੇ ਗੰਨੇ ਦੀ ਬਕਾਇਆ ਰਾਸ਼ੀ ਬਾਕੀ ਸੀ ਉਹ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ ਅਤੇ ਇਸ ਵਾਰ ਦੇ ਸੀਜ਼ਨ ਕਰੀਬ 75 ਫੀਸਦੀ ਉਹਨਾਂ ਦੇ ਪੈਸੇ ਕਿਸਾਨ ਨੂੰ ਮਿਲ ਚੁੱਕੇ ਹਨ |

ਜਿਹੜੀ ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦੀ ਫ਼ਸਲ ਨੁਕਸਾਨੀ ਗਈ ਹੈ, ਉਸ ਦੀ ਗਿਰਦਾਵਰੀ ਵੀ ਪ੍ਰਸ਼ਾਸ਼ਨ ਦੇ ਅਧਿਕਾਰੀ ਤਹਿਸੀਲਦਾਰ ਅਤੇ ਪਟਵਾਰੀ ਸਹੀ ਢੰਗ ਨਾਲ ਪਿੰਡਾਂ ‘ਚ ਕਰ ਰਹੇ ਹਨ ਅਤੇ ਸਰਕਾਰ ਵਲੋਂ ਜੋ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉਸਦਾ ਮੁਆਵਜ਼ਾ ਕਿਸਾਨਾਂ ਨੂੰ 14 ਅਪ੍ਰੈਲ ਤੱਕ ਮਿਲ ਜਾਵੇਗਾ | ਇਸ ਦੇ ਨਾਲ ਹੀ ਲੋਕ ਸਭਾ ਦੀ ਜਲੰਧਰ ‘ਚ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਗੱਲ ਕਰਦੇ ਮੰਤਰੀ ਨਿੱਝਰ ਨੇ ਕਿਹਾ ਕਿ ਚੰਗੀ ਰਿਪੋਰਟ ਅਤੇ ਚੰਗੇ ਨਤੀਜੇ ਆਉਣਗੇ |