July 9, 2024 1:05 am

ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਪੰਜਾਬ ਸਿੱਖਿਆ ਵਿਭਾਗ ਦੇ ਦਫ਼ਤਰ, ਜਾਣੋ ਕਾਰਨ

ਚੰਡੀਗੜ੍ਹ, 02 ਸਤੰਬਰ 2023: ਅਧਿਆਪਕ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਵਿੱਚ 2 ਸਤੰਬਰ ਅਤੇ 3 ਸਤੰਬਰ ਨੂੰ ਸਿੱਖਿਆ ਵਿਭਾਗ (Punjab Education Department) ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹਿਣਗੇ। ਸਿੱਖਿਆ ਵਿਭਾਗ ਨੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਵਿੱਚ 5 ਸਤੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਹਵਾਲਾ ਦਿੱਤਾ ਗਿਆ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ- 5 ਸਤੰਬਰ, 2023 ਨੂੰ ਹੋਣ ਵਾਲੇ ਰਾਜ ਅਧਿਆਪਕ ਪੁਰਸਕਾਰ ਸਮਾਗਮ ਦੀਆਂ ਤਿਆਰੀਆਂ ਨੂੰ ਮੁਕੰਮਲ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਦਫ਼ਤਰ ਸ਼ਨੀਵਾਰ 2 ਸਤੰਬਰ ਅਤੇ 3 ਸਤੰਬਰ ਦਿਨ ਐਤਵਾਰ ਨੂੰ ਆਮ ਕੰਮਕਾਜੀ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਇਹ ਹੁਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਡਾਇਰੈਕਟਰ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ, ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਅਤੇ ਡਾਇਰੈਕਟਰ ਐਸ.ਸੀ.ਆਈ.ਆਰ.ਟੀ. ਦੇ ਮੋਹਾਲੀ ਦਫ਼ਤਰਾਂ ਲਈ ਜਾਰੀ ਕੀਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਦੇਸ਼ ਭਰ ਵਿੱਚੋਂ 50 ਦੇ ਕਰੀਬ ਅਧਿਆਪਕਾਂ ਨੂੰ ਰਾਸ਼ਟਰੀ ਪੱਧਰ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ ਲੁਧਿਆਣਾ ਦੇ 2 ਅਧਿਆਪਕਾਂ ਦੇ ਨਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਰਾਜ ਪੱਧਰੀ ਪ੍ਰੋਗਰਾਮ ਵੀ ਕਰਵਾਏਗੀ, ਜਿਸ ਵਿੱਚ ਬਹੁਤ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਬਿਹਤਰ ਕੰਮ ਕੀਤਾ ਹੈ।