drug trafficking

ਦੇਸ਼ ਭਰ ‘ਚੋਂ ਨਸ਼ਾ ਤਸਕਰੀ ਮਾਮਲਿਆਂ ’ਚ ਪੰਜਾਬੀ ਔਰਤਾਂ ਦੀ ਗਿਣਤੀ ਸਭ ਤੋਂ ਵੱਧ

ਚੰਡੀਗੜ੍ਹ, 14 ਦਸੰਬਰ 2023: ਪੰਜਾਬ ‘ਚ ਨਸ਼ੇ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਇਸਦੇ ਨਾਲ ਹੀ ਹੁਣ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ | ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਮੁਤਾਬਕ ਦੇਸ਼ ਵਿੱਚ ਨਸ਼ਾ ਤਸਕਰੀ (drug trafficking) ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਣ ਵਾਲੀਆਂ ਔਰਤਾਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬੀ ਦੀਆਂ ਔਰਤਾਂ ਦੀ ਹੈ।

ਹਾਸਲ ਜਾਣਕਾਰੀ ਮੁਤਾਬਕ ਬੀਤੇ 3 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਐਨਡੀਪੀਐਸ ਐਕਟ ਤਹਿਤ 9631 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਚ 3,164 (32.85 ਫ਼ੀਸਦ) ਔਰਤਾਂ ਪੰਜਾਬੀ ਦੀਆਂ ਹਨ। ਐਨਸੀਆਰਬੀ ਦੇ ਮੁਤਾਬਕ ਸਾਲ 2022 ਵਿੱਚ ਦੇਸ਼ ਭਰ ’ਚ ਐਨਡੀਪੀਐਸ ਐਕਟ ਤਹਿਤ 4000 ਔਰਤਾਂ ਗ੍ਰਿਫ਼ਤਾਰੀ ਹੋਈਆਂ ਤੇ ਪੰਜਾਬ ਵਿੱਚ ਇਹ ਅੰਕੜਾ 1,448 ਦਾ ਹੈ। ਇਸਦੇ ਨਾਲ ਹੀ ਦੂਜੇ ਸਥਾਨ ’ਤੇ ਤਾਮਿਲਨਾਡੂ ’ਚ 490 ਤੇ ਹਰਿਆਣਾ ਵਿੱਚ 337 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਸਾਲ 2021 ਵਿਚ ਦੇਸ਼ ਭਰ ’ਚ 3,104 ਔਰਤਾਂ ਇਸ ਦੋਸ਼ ਹੇਠ ਗ੍ਰਿਫ਼ਤਾਰ ਕੀਤੀਆਂ ਗਈਆਂ ਸਨ, ਜਦਕਿ ਪੰਜਾਬ ਵਿੱਚ 928 ਔਰਤਾਂ ਦੀ ਗ੍ਰਿਫ਼ਤਾਰੀ ਹੋਈ ਸੀ।

ਇਸੇ ਤਰ੍ਹਾਂ ਸਾਲ 2020 ਵਿੱਚ ਗ੍ਰਿਫ਼ਤਾਰ ਹੋਈਆਂ ਕੁਲ 2527 ਔਰਤਾਂ ’ਚੋਂ ਪੰਜਾਬ ਵਿੱਚ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦਾ ਅੰਕੜਾ 788 ਸੀ। ਤਿੰਨਾਂ ਵਰ੍ਹਿਆਂ ਦੌਰਾਨ ਸਭ ਤੋਂ ਵੱਧ ਗ੍ਰਿਫ਼ਤਾਰੀ ਪੰਜਾਬੀ ਔਰਤਾਂ ਦੀ ਹੋਈ ਹੈ। ਖ਼ਬਰਾਂ ਇਹ ਵੀ ਹਨ ਕਿ ਪੰਜਾਬ ਵਿੱਚ ਬੱਚਿਆਂ ਨੂੰ ਵੀ ਨਸ਼ਾ ਤਸਕਰੀ (drug trafficking) ‘ਚ ਸ਼ਾਮਲ ਕੀਤਾ ਜਾ ਰਿਹਾ ਹੈ । ਬੀਤੇ ਤਿੰਨ ਸਾਲਾਂ ਵਿੱਚ 78 ਨਾਬਾਲਗਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2022 ਵਿੱਚ 37 ਨਾਬਾਲਗ, ਸਾਲ 2021 ਵਿੱਚ 25 ਤੇ ਸਾਲ 2020 ਵਿੱਚ 16 ਨਾਬਾਲਗਾਂ ਨੂੰ ਪੰਜਾਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ।

 

Scroll to Top