ਚੰਡੀਗੜ੍ਹ,15 ਮਈ 2023: ਪੰਜਾਬ ਕੈਬਿਨਟ ਦੀ ਅਗਲੀ ਮੀਟਿੰਗ 17 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਵੇਗੀ। ‘ਸਰਕਾਰ ਤੁਹਾਡੇ ਦੁਆਰ’ ਤਹਿਤ ਇਹ ਮੀਟਿੰਗ ਜਲੰਧਰ ਦੇ ਸਰਕਟ ਹਾਊਸ (Jalandhar Circuit House) ਵਿਖੇ ਹੋਵੇਗੀ। ਇਸ ਵਿੱਚ ਜਲੰਧਰ ਸਮੇਤ ਪੂਰੇ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਵਿਚਾਰਿਆ ਜਾਵੇਗਾ ਅਤੇ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ।
ਸੀਐਮ ਮਾਨ ਨੇ ਆਪਣੇ ਟਵੀਟ ਦੀ ਟੈਗ ਲਾਈਨ ‘ਸਰਕਾਰ ਤੁਹਾਡੇ ਦੁਆਰ’ ਰੱਖੀ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ 17 ਮਈ ਨੂੰ ਸਵੇਰੇ 10.30 ਵਜੇ ਜਲੰਧਰ ਸਰਕਟ ਹਾਊਸ ਵਿਖੇ ਕੈਬਿਨਟ ਮੀਟਿੰਗ ਕਰੇਗੀ। ਇਸ ਵਿੱਚ ਸਾਰੇ ਪੁਰਾਣੇ ਬਕਾਇਆ ਕੇਸਾਂ ਨੂੰ ਹੱਲ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਇਸਦੇ ਨਾਲ ਹੀ ਤੁਰੰਤ ਫੈਸਲੇ ਲਏ ਜਾਣਗੇ।
ਪੰਜਾਬ ਨਾਲ ਸਬੰਧਤ ਸਾਰੇ ਵੱਡੇ ਮਾਮਲਿਆਂ ਬਾਰੇ ਫੈਸਲੇ ਪੰਜਾਬ ਸਰਕਾਰ ਵੱਲੋਂ ਕੈਬਿਨਟ ਮੀਟਿੰਗ ਵਿੱਚ ਹੀ ਲਏ ਗਏ ਹਨ। ਪਿਛਲੀ ਵਾਰ ਕੈਬਿਨਟ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਲੁਧਿਆਣਾ ਵਿੱਚ ਹੋਈ ਸੀ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ‘ਸਰਕਾਰ ਤੁਹਾਡੇ ਦੁਆਰ’ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਬਨਿਟ ਮੀਟਿੰਗਾਂ ਕੀਤੀਆਂ ਜਾਣਗੀਆਂ। ਸੀਐਮ ਮਾਨ ਨੇ ਕਿਹਾ ਸੀ ਕਿ ਜਿਸ ਥਾਂ ‘ਤੇ ਕੈਬਨਿਟ ਮੀਟਿੰਗ ਹੋਵੇਗੀ, ਸਾਰਾ ਦਿਨ ਸਰਕਾਰ ਉੱਥੇ ਹੀ ਰਹੇਗੀ।