July 2, 2024 8:26 pm
Omar Abdullah

12 ਜੁਲਾਈ ਨੂੰ ਹੋਵੇਗੀ ਵਿਰੋਧੀ ਪਾਰਟੀਆਂ ਦੀ ਅਗਲੀ ਮੀਟਿੰਗ, ਆਰਡੀਨੈਂਸ ਦੇ ਮੁੱਦੇ ‘ਤੇ ਉਮਰ ਅਬਦੁੱਲਾ ਨੇ ਜਤਾਇਆ ਇਤਰਾਜ਼ !

ਚੰਡੀਗੜ੍ਹ, 23 ਜੂਨ 2023: ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਪਹਿਲੀ ਬੈਠਕ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ 1, ਐਨੀ ਮਾਰਗ ਵਿਖੇ ਢਾਈ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ 15 ਪਾਰਟੀਆਂ ਦੇ ਆਗੂ ਹਾਜ਼ਰ ਸਨ। ਵਿਰੋਧੀ ਏਕਤਾ ਦੀ ਦੂਜੀ ਬੈਠਕ ਸ਼ਿਮਲਾ ‘ਚ ਹੋਵੇਗੀ। ਇਹ ਮੀਟਿੰਗ 12 ਜੁਲਾਈ ਨੂੰ ਹੋਵੇਗੀ।

ਪਾਰਟੀਆਂ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਨਿਤੀਸ਼ ਕੁਮਾਰ ਨੇ ਕਿਹਾ ਕਿ ਇਕੱਠੇ ਚੱਲਣ ਦੀ ਸਹਿਮਤੀ ਬਣੀ ਹੈ ਅਤੇ ਇਕੱਠੇ ਚੋਣ ਲੜਨ ‘ਤੇ ਸਹਿਮਤੀ ਬਣੀ ਹੈ। ਸਾਰੀਆਂ ਪਾਰਟੀਆਂ ਦੀ ਅਗਲੀ ਮੀਟਿੰਗ ਜਲਦੀ ਹੀ ਹੋਵੇਗੀ। ਇਸ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ ਕਿ ਕੌਣ ਕਿੱਥੋਂ ਅਤੇ ਕਿਵੇਂ ਲੜੇਗਾ।

ਰਾਹੁਲ ਗਾਂਧੀ ਨੇ ਕਿਹਾ ਭਾਰਤ ਦੀ ਨੀਂਹ ‘ਤੇ ਹਮਲਾ ਹੋ ਰਿਹਾ ਹੈ। ਭਾਜਪਾ-ਆਰਐਸਐਸ ਹਮਲੇ ਕਰ ਰਹੀ ਹੈ। ਮੈਂ ਮੀਟਿੰਗ ਵਿੱਚ ਕਿਹਾ ਕਿ ਅਸੀਂ ਸਾਰੇ ਇਕੱਠੇ ਖੜੇ ਹਾਂ। ਸਾਰੀਆਂ ਪਾਰਟੀਆਂ ਵਿੱਚ ਕੁਝ ਮਤਭੇਦ ਹਨ, ਪਰ ਉਹ ਮਿਲ ਕੇ ਕੰਮ ਕਰਨਗੇ। ਅੱਜ ਹੋਈ ਚਰਚਾ ਨੂੰ ਅਗਲੀ ਮੀਟਿੰਗ ਵਿੱਚ ਅੱਗੇ ਵਧਾਵਾਂਗੇ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਬਹੁਤ ਵਧੀਆ ਤਰੀਕੇ ਨਾਲ ਮੀਟਿੰਗ ਕੀਤੀ । ਲੋਕ ਲਹਿਰ ਪਟਨਾ ਤੋਂ ਹੀ ਸ਼ੁਰੂ ਹੁੰਦੀ ਹੈ। ਦਿੱਲੀ ਵਿੱਚ ਕਈ ਮੀਟਿੰਗਾਂ ਹੋਈਆਂ, ਪਰ ਕੋਈ ਸਿੱਟਾ ਨਹੀਂ ਨਿਕਲਿਆ। ਅੱਜ ਦੀ ਮੀਟਿੰਗ ਵਿੱਚ ਤਿੰਨ ਗੱਲਾਂ ਨੂੰ ਹਰੀ ਝੰਡੀ ਦਿੱਤੀ ਗਈ। ਪਹਿਲਾਂ ਅਸੀਂ ਇੱਕ ਹਾਂ। ਦੂਜਾ, ਅਸੀਂ ਇਕੱਠੇ ਲੜਾਂਗੇ। ਤੀਜਾ, ਭਾਜਪਾ ਜੋ ਵੀ ਸਿਆਸੀ ਏਜੰਡਾ ਲੈ ਕੇ ਆਵੇਗੀ, ਅਸੀਂ ਇਕੱਠੇ ਹੋ ਕੇ ਉਸ ਦਾ ਵਿਰੋਧ ਕਰਾਂਗੇ।

ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਆਰਡੀਨੈਂਸ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਦਾ ਸਮਰਥਨ ਮੰਗਿਆ ਸੀ ਪਰ ਇਕ ਪਾਰਟੀ ਨੇ ਜਵਾਬੀ ਹਮਲਾ ਕੀਤਾ ਹੈ | ਸ਼ੁੱਕਰਵਾਰ ਨੂੰ ਜਦੋਂ ਵੱਖ-ਵੱਖ ਪਾਰਟੀਆਂ ਦੇ ਆਗੂ ਪਟਨਾ ਵਿੱਚ ਇਸ ਮੀਟਿੰਗ ਲਈ ਇਕੱਠੇ ਹੋਏ ਤਾਂ ਚਰਚਾ ਸ਼ੁਰੂ ਹੋ ਗਈ।

ਸੂਤਰਾਂ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਇਸ ਮੀਟਿੰਗ ‘ਚ ਕਿਹਾ ਕਿ ਅਸੀਂ ਕੇਂਦਰ ਵੱਲੋਂ ਲਿਆਂਦੇ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਾਂ ਅਤੇ ਹੋਰ ਪਾਰਟੀਆਂ ਨੂੰ ਇਸ ਮੁੱਦੇ ‘ਤੇ ਸਾਡਾ ਸਮਰਥਨ ਕਰਨਾ ਚਾਹੀਦਾ ਹੈ। ਜਿਵੇਂ ਹੀ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ‘ਤੇ ਇਤਰਾਜ਼ ਜਤਾਇਆ । ਉਨ੍ਹਾਂ ਕਿਹਾ ਕਿ ਜਦੋਂ ਕਸ਼ਮੀਰ ਤੋਂ ਧਾਰਾ-370 ਹਟਾਈ ਗਈ ਸੀ ਤਾਂ ਤੁਹਾਡੀ ਪਾਰਟੀ ਨੇ ਸਾਡਾ ਸਮਰਥਨ ਨਹੀਂ ਕੀਤਾ ਅਤੇ ਸੰਸਦ ਵਿੱਚ ਸਰਕਾਰ ਦਾ ਸਮਰਥਨ ਕੀਤਾ।

ਜੰਮੂ-ਕਸ਼ਮੀਰ ‘ਚ 5 ਅਗਸਤ 2019 ਨੂੰ ਹਟਾਈ ਧਾਰਾ-370 :

5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨਾਲ ਸਬੰਧਤ ਧਾਰਾ 370 ਨੂੰ ਹਟਾਉਣ ਦਾ ਫੈਸਲਾ ਕੀਤਾ ਸੀ। ਫਿਰ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਵਰਗੀਆਂ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ, ਬਸਪਾ, ਏਆਈਏਡੀਐਮਕੇ, ਵਾਈਐਸਆਰ ਕਾਂਗਰਸ ਵਰਗੀਆਂ 10 ਤੋਂ ਵੱਧ ਵੱਖ-ਵੱਖ ਪਾਰਟੀਆਂ ਨੇ ਕੇਂਦਰ ਸਰਕਾਰ ਦਾ ਸਮਰਥਨ ਕੀਤਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 5 ਅਗਸਤ, 2019 ਨੂੰ ਟਵੀਟ ਕਰਕੇ ਕੇਂਦਰ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਉਮੀਦ ਹੈ ਕਿ ਇਸ ਨਾਲ ਸੂਬੇ ਵਿੱਚ ਸ਼ਾਂਤੀ ਅਤੇ ਵਿਕਾਸ ਹੋਵੇਗਾ। ਕੇਜਰੀਵਾਲ ਦੇ ਇਸ ਬਿਆਨ ‘ਤੇ ਕਾਂਗਰਸ ਨੇਤਾ ਅਜੇ ਮਾਕਨ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ‘ਆਪ’ ਤੋ ਐਸੇ ਨਾ ਥੇ’|