Lok Adalat

ਫਾਜ਼ਿਲਕਾ ‘ਚ 11 ਮਈ ਨੂੰ ਲੱਗੇਗੀ ਅਗਲੀ ਲੋਕ ਅਦਾਲਤ

ਫਾਜ਼ਿਲਕਾ 5 ਅਪ੍ਰੈਲ 2024: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਬੈਠਕ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਜਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿੱਚ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਐਸਐਸਪੀ ਫਾਜ਼ਿਲਕਾ ਡਾ. ਪ੍ਰਗਿਆ ਜੈਨ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਕਮ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਨੇ ਦੱਸਿਆ ਕਿ ਅਗਲੀ ਲੋਕ ਅਦਾਲਤ (Lok Adalat)  11 ਮਈ 2024 ਨੂੰ ਲੱਗ ਰਹੀ ਹੈ। ਉਹਨਾਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਲੋਕ ਅਦਾਲਤ ਰਾਹੀਂ ਆਪਣੇ ਕੇਸਾਂ ਦਾ ਨਿਪਟਾਰਾ ਕਰਨ ਕਿਉਂਕਿ ਲੋਕ ਅਦਾਲਤ ਰਾਹੀਂ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਲੋਕ ਅਦਾਲਤ ਵਿਚ ਆਪਸੀ ਸਹਿਮਤੀ ਨਾਲ ਹੱਲ ਹੁੰਦਾ ਹੈ ਇਸ ਲਈ ਕਿਸੇ ਇਕ ਧਿਰ ਦੀ ਜਿੱਤ ਹਾਰ ਨਹੀਂ ਹੁੰਦੀ ਸਗੋਂ ਦੋਨੋਂ ਹੀ ਲਾਹੇ ਵਿਚ ਰਹਿੰਦੇ ਹਨ। ਇਸ ਲਈ ਆਪਣਾ ਕੇਸ ਲੋਕ ਅਦਾਲਤ ਵਿਚ ਲਗਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਾਂ ਜਿੱਥੇ ਕੇਸ ਚੱਲ ਰਿਹਾ ਹੈ ਉਸੇ ਅਦਾਲਤ ਵਿਚ ਅਰਜੀ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਾਤਰ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਵੀ ਮੁਹਈਆ ਕੀਤੀ ਜਾਂਦੀ ਹੈ। ਇਸ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਵਿਖੇ ਜਾਂ ਜਿੱਥੇ ਕੇਸ ਚਲਦਾ ਹੋਵੇ ਉਥੇ ਹੀ ਅਰਜੀ ਦਿੱਤੀ ਜਾ ਸਕਦੀ ਹੈ।

ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਗਮੋਹਨ ਸਿੰਘ ਸੰਘਾ, ਸਿਵਲ ਜੱਜ ਸੀਨਿਅਰ ਡਿਵੀਜਨ ਟੀਪੀਐਸ ਰੰਧਾਵਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਾਜਿਲਕਾ ਅਮਨਦੀਪ ਕੌਰ, ਜ਼ਿਲ੍ਹਾ ਅਟਾਰਨੀ ਵਜੀਰ ਕੰਬੋਜ ਵੀ ਹਾਜਰ ਸਨ।

Scroll to Top