July 4, 2024 11:20 pm
MP Raghav Chadha

ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਚਾਰਜਸ਼ੀਟ ‘ਚ ਮੇਰਾ ਨਾਂ ਦਰਜ ਹੋਣ ਵਾਲੀਆਂ ਖ਼ਬਰਾਂ ਗਲਤ: MP ਰਾਘਵ ਚੱਢਾ

ਚੰਡੀਗੜ੍ਹ, 02 ਮਈ 2023: ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਦਾ ਨਾਂ ਆਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ । ਈਡੀ ਦੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਰਾਘਵ ਚੱਢਾ ਦਾ ਨਾਂ ਸਾਹਮਣੇ ਆਉਣ ਦੀਆਂ ਖ਼ਬਰਾਂ ਤੋਂ ਬਾਅਦ ਸਿਆਸੀ ਗਲਿਆਰੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਦੂਜੇ ਪਾਸੇ ਇਨ੍ਹਾਂ ਖ਼ਬਰਾਂ ‘ਤੇ ਆਪਣੀ ਪ੍ਰੀਕਿਰਿਆ ਦਿੰਦਿਆਂ ਰਾਘਵ ਚੱਢਾ (Raghav Chadha) ਨੇ ਕਿਹਾ ਕਿ ਈ.ਡੀ. ਵਲੋਂ ਦਾਇਰ ਕੀਤੀਆਂ ਗਈਆਂ ਕਿਸੇ ਵੀ ਸ਼ਿਕਾਇਤਾਂ ਵਿਚ ਮੇਰਾ ਨਾਂ ਮੁਲਜ਼ਮ ਜਾਂ ਸ਼ੱਕੀ ਵਜੋਂ ਨਹੀਂ ਲਿਆ ਗਿਆ ਹੈ। ਉਕਤ ਸ਼ਿਕਾਇਤਾਂ ਵਿਚ ਮੇਰੇ ਖ਼ਿਲਾਫ਼ ਕੋਈ ਵੀ ਦੋਸ਼ ਨਹੀਂ ਹੈ। ਇੰਝ ਜਾਪਦਾ ਹੈ ਕਿ ਸ਼ਿਕਾਇਤ ਵਿਚ ਮੇਰਾ ਨਾਂ ਕਿਸੇ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਵਜੋਂ ਦਰਜ ਹੈ, ਹਾਲਾਂਕਿ ਅਜਿਹਾ ਦੋਸ਼ ਲਗਾਉਣ ਦਾ ਆਧਾਰ ਸਪੱਸ਼ਟ ਨਹੀਂ ਹੈ। ਰਾਘਵ ਚੱਢਾ ਨੇ ਅੱਗੇ ਕਿਹਾ ਕਿ ਮੈਂ ਮੀਡੀਆ ਅਤੇ ਪ੍ਰਕਾਸ਼ਨ ਘਰਾਣਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਗ਼ਲਤ ਰਿਪੋਰਟਿੰਗ ਨਾ ਕਰਨ ਅਤੇ ਇਸ ਮੁੱਦੇ ਨੂੰ ਸਪੱਸ਼ਟ ਕਰਨ, ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵਾਂਗਾ।

ਰਾਘਵ ਚੱਢਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਦਰਜ ਕੀਤੀ ਗਈ ਸ਼ਿਕਾਇਤ ਵਿਚ ਮੈਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ ਵਾਲੀਆਂ ਖ਼ਬਰਾਂ/ਰਿਪੋਰਟਾਂ ਅਸਲ ਵਿਚ ਗਲਤ ਹਨ ਅਤੇ ਮੇਰੀ ਸਾਖ ਅਤੇ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਲਈ ਭੈੜੇ ਪ੍ਰਚਾਰ ਦਾ ਹਿੱਸਾ ਹਨ।