July 2, 2024 10:10 pm
Pardeep Singh

ਨਿਹੰਗ ਪ੍ਰਦੀਪ ਸਿੰਘ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਦੋਸਤ ਨੇ ਕੀਤੇ ਵੱਡੇ ਖ਼ੁਲਾਸੇ

ਚੰਡੀਗੜ੍ਹ, 15 ਮਾਰਚ 2023: ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਹੰਗ ਸਿੰਘ ਪ੍ਰਦੀਪ ਸਿੰਘ (Pardeep Singh) ਦੇ ਕਤਲ ਸਮੇਂ ਮ੍ਰਿਤਕ ਨਿਹੰਗ ਸਮੇਤ ਉਸ ਦਾ ਸਾਥੀ ਗੁਰਦਰਸ਼ਨ ਸਿੰਘ ਅਤੇ ਉਸ ਦਾ ਪਿਤਾ ਗੁਰਬਖਸ਼ ਸਿੰਘ ਇੱਕ ਵਾਰ ਫਿਰ ਮੀਡੀਆ ਦੇ ਸਾਹਮਣੇ ਆਏ । ਗੁਰਦਰਸ਼ਨ ਸਿੰਘ ਜੋ ਕਿ ਕੈਨੇਡਾ ਵਿੱਚ ਮ੍ਰਿਤਕ ਪ੍ਰਦੀਪ ਸਿੰਘ ਦੇ ਨਾਲ ਰਹਿ ਰਿਹਾ ਸੀ ਅਤੇ ਅਨੰਦਪੁਰ ਸਾਹਿਬ ਗਿਆ ਹੋਇਆ ਸੀ, ਉਸ ਨੇ ਘਟਨਾ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।

ਪ੍ਰਦੀਪ ਸਿੰਘ ਦੇ ਦੋਸਤ ਗੁਰਦਰਸ਼ਨ ਸਿੰਘ ਨੇ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ ਕਿ ਪਹਿਲਾਂ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਉਕਤ ਹਮਲਾਵਰ ਨੌਜਵਾਨ ਪਹਿਲਾਂ ਹੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਅਤੇ ਉਕਤ ਹਥਿਆਰਾਂ ਨਾਲ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ।

ਇਸ ਦੇ ਸਬੂਤ ਵਜੋਂ ਉਨ੍ਹਾਂ ਨੇ ਇੱਕ ਵਾਇਰਲ ਵੀਡੀਓ ਵੀ ਮੀਡੀਆ ਨੂੰ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕ ਪ੍ਰਦੀਪ ਸਿੰਘ (Pardeep Singh) ਦੇ ਪਿਤਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਮਾੜਾ ਅਨਸਰ ਹਥਿਆਰਾਂ ਨਾਲ ਧਾਰਮਿਕ ਮੇਲਿਆਂ ‘ਚ ਜਾ ਕੇ ਧਾਰਮਿਕ ਮਾਹੌਲ ਨੂੰ ਖ਼ਰਾਬ ਨਾ ਕਰ ਸਕੇ। ਉਨ੍ਹਾਂ ਗੁੱਸਾ ਵੀ ਜ਼ਾਹਰ ਕੀਤਾ ਕਿ ਪ੍ਰਦੀਪ ਸਿੰਘ ਦੇ ਕਾਤਲਾਂ ਵਿੱਚੋਂ ਅਜੇ ਤੱਕ ਕੋਈ ਵੀ ਪੁਲਿਸ ਨੇ ਫੜਿਆ ਨਹੀਂ ਹੈ।

ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੈਨੇਡਾ ਵਿੱਚ ਉਸ ਦੇ ਨਾਲ ਰਹਿੰਦਾ ਸੀ ਅਤੇ ਉਹ ਦੋ ਸਾਲ ਪਹਿਲਾਂ ਆਪਣੇ ਦੋਸਤਾਂ ਅਤੇ ਬਾਬਾ ਬੁੱਢਾ ਦਲ ਦੇ ਪ੍ਰਭਾਵ ਹੇਠ ਨਿਹੰਗ ਸਿੰਘ ਸਜਿਆ ਸੀ। ਉਹ 29 ਸਤੰਬਰ ਨੂੰ ਭਾਰਤ ਆਇਆ ਸੀ ਅਤੇ ਮੈਂ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ। ਉਹ 1 ਮਾਰਚ ਨੂੰ ਇਕੱਠੇ ਸ੍ਰੀ ਅਨੰਦਪੁਰ ਸਾਹਿਬ ਗਏ ਸਨ।

ਪ੍ਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਜ਼ਖਮੀ ਮੁਲਜ਼ਮ ਦੀ ਪਤਨੀ ਦੇ ਬਿਆਨ ਨੂੰ ਗਲਤ ਦੱਸਿਆ। ਵਾਇਰਲ ਹੋਈ ਵੀਡੀਓ ਨੂੰ ਪੱਤਰਕਾਰਾਂ ਨੂੰ ਸਬੂਤ ਵਜੋਂ ਦਿੰਦਿਆਂ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਕਤ ਨੌਜਵਾਨ ਆਪਣੇ ਨਾਲ ਹਥਿਆਰ ਲੈ ਕੇ ਆਏ ਸਨ ਅਤੇ ਉਨ੍ਹਾਂ ਹਥਿਆਰਾਂ ਨਾਲ ਹੀ ਉਨ੍ਹਾਂ ਨੇ ਪ੍ਰਦੀਪ ਸਿੰਘ ਦਾ ਕਤਲ ਕੀਤਾ ਹੈ। ਇਸ ਬਿਆਨ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਪ੍ਰਦੀਪ ਸਿੰਘ ਦੀ ਕਿਰਪਾਨ ਖੋਹ ਕੇ ਕਤਲ ਕੀਤਾ ਗਿਆ |

ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਹੰਗ ਸਿੰਘ ਪ੍ਰਦੀਪ ਸਿੰਘ ਦੇ ਕਾਤਲਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ। ਦੂਜੇ ਪਾਸੇ ਮ੍ਰਿਤਕ ਦੇ ਪਿਤਾ ਪ੍ਰਦੀਪ ਸਿੰਘ ਨੇ ਕਿਹਾ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਵਿਅਕਤੀ ਹਥਿਆਰਾਂ ਨਾਲ ਧਾਰਮਿਕ ਸਮਾਗਮਾਂ ਵਿੱਚ ਨਾ ਜਾ ਸਕੇ।