July 5, 2024 7:38 am
JN.1 variant

ਭਾਰਤ ‘ਚ ਪੈਰ ਪਸਾਰ ਰਿਹੈ ਕੋਰੋਨਾ ਦਾ ਨਵਾਂ JN.1 ਵੇਰੀਐਂਟ, ਕੇਰਲ ਤੇ ਗੁਜਰਾਤ ‘ਚ ਸਭ ਤੋਂ ਵੱਧ ਕੇਸ

ਚੰਡੀਗੜ੍ਹ, 30 ਦਸੰਬਰ 2023: ਕੋਰੋਨਾ ਦੇ ਨਵੇਂ JN.1 ਵੇਰੀਐਂਟ (JN.1 variant) ਦੇ ਕਾਰਨ ਵਿਸ਼ਵ ਪੱਧਰ ‘ਤੇ ਸੰਕਰਮਣ ਦਾ ਖ਼ਤਰਾ ਵਧਦਾ ਦਿਖਾਈ ਦੇ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ, ਸਿੰਗਾਪੁਰ, ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਵਰਤਮਾਨ ਵਿੱਚ, JN.1 ਵੇਰੀਐਂਟ ਨੂੰ ਅਮਰੀਕਾ ਵਿੱਚ ਅੱਧੇ ਤੋਂ ਵੱਧ ਕੋਰੋਨਾ ਮਾਮਲਿਆਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇੱਥੇ ਇੱਕ ਮਹੀਨੇ ਦੇ ਅੰਦਰ ਸੰਕਰਮਣ ਦਾ ਪ੍ਰਸਾਰ ਕਾਫੀ ਵਧ ਗਿਆ ਹੈ।

ਇਹ ਨਵਾਂ ਵੇਰੀਐਂਟ ਭਾਰਤ ‘ਚ ਵੀ ਆਪਣੇ ਪੈਰ-ਪਸਾਰ ਰਿਹਾ ਹੈ। ਗੋਆ, ਕੇਰਲ, ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਇਸ ਨਵੇਂ ਵੇਰੀਐਂਟ ਨਾਲ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਦੇਸ਼ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰੋਜ਼ਾਨਾ ਔਸਤਨ 500 ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ, ਕੋਰੋਨਾ ਦੀ ਰਫ਼ਤਾਰ ਅਜੇ ਵੀ ਕਾਬੂ ਵਿੱਚ ਹੈ, ਹਾਲਾਂਕਿ, ਨਵੇਂ ਸਾਲ ਦੀਆਂ ਪਾਰਟੀਆਂ ਅਤੇ ਜਸ਼ਨਾਂ ਦੌਰਾਨ ਭੀੜ ਇਕੱਠੀ ਹੋਣ ਕਾਰਨ ਸੰਕਰਮਣ ਦਾ ਖ਼ਤਰਾ ਵੱਧ ਸਕਦਾ ਹੈ, ਜਿਸ ਬਾਰੇ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 743 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਭਾਰਤੀ SARS-CoV-2 ਕਨਸੋਰਟੀਅਮ ਆਨ ਜੀਨੋਮਿਕਸ (INSACOG) ਦੇ ਅਨੁਸਾਰ, ਹੁਣ ਤੱਕ ਭਾਰਤ ਵਿੱਚ ਕੋਵਿਡ ਦੇ JN.1 ਰੂਪ ਦੇ 162 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੇਰਲ ਅਤੇ ਗੁਜਰਾਤ ਵਿੱਚ ਸਭ ਤੋਂ ਵੱਧ ਕੇਸ ਹਨ। ਸ਼ੁੱਕਰਵਾਰ ਨੂੰ ਅਪਡੇਟ ਕੀਤੇ ਗਏ INSACOG ਦੇ ਅੰਕੜਿਆਂ ਦੇ ਅਨੁਸਾਰ, ਕੇਰਲ ਵਿੱਚ ਸਭ ਤੋਂ ਵੱਧ 83 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਗੁਜਰਾਤ ਵਿੱਚ 34 ਹਨ।

ਇਨ੍ਹਾਂ ਸੂਬਿਆਂ ਵਿੱਚ ਸਭ ਤੋਂ ਵੱਧ ਕੇਸ

ਕਈ ਸੂਬਿਆਂ ਪਿਛਲੇ ਕੁਝ ਹਫ਼ਤਿਆਂ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਵਾਧੇ ਦੀ ਰਿਪੋਰਟ ਕਰ ਰਹੇ ਹਨ। ਹੁਣ ਤੱਕ ਨੌਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ JN.1 (JN.1 variant) ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੇਰਲ (83), ਗੁਜਰਾਤ (34), ਗੋਆ (18), ਕਰਨਾਟਕ (ਅੱਠ), ਮਹਾਰਾਸ਼ਟਰ (ਸੱਤ), ਰਾਜਸਥਾਨ (ਪੰਜ), ਤਾਮਿਲਨਾਡੂ (ਚਾਰ), ਤੇਲੰਗਾਨਾ (ਦੋ) ਅਤੇ ਦਿੱਲੀ (ਇੱਕ) ਵਿੱਚ ਇਸ ਨਵੇਂ ਰੂਪ ਦੇ ਮਾਮਲੇ ) ਦੀ ਰਿਪੋਰਟ ਕੀਤੀ ਗਈ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਜ਼ਿਆਦਾਤਰ ਲੋਕਾਂ ਵਿੱਚ ਹਲਕੇ-ਦਰਮਿਆਨੇ ਲੱਛਣ ਦੇਖੇ ਜਾ ਰਹੇ ਹਨ ਅਤੇ ਉਹ ਘਰ ਵਿੱਚ ਆਸਾਨੀ ਨਾਲ ਠੀਕ ਹੋ ਰਹੇ ਹਨ।