ਐਸ.ਏ.ਐਸ.ਨਗਰ, 7 ਸਤੰਬਰ, 2023: ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ, ਸ਼੍ਰੀਮਤੀ ਆਸ਼ਿਕਾ ਜੈਨ ਨੇ ਖਰੜ ਦੀ ਸ਼ਹਿਰੀ ਸੀਮਾ ਵਿੱਚ ਪੈਂਦੇ ਨੈਸ਼ਨਲ ਹਾਈਵੇਅ ‘ਤੇ ਆਉਣ-ਜਾਣ ਵਾਲੇ ਯਾਤਰੀਆਂ/ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਸਥਾਨਕ ਅਧਿਕਾਰੀਆਂ ਨੂੰ ਟਰੈਫਿਕ ਜਾਮ (traffic jam) ਨੂੰ ਦੂਰ ਕਰਨ ਅਤੇ ਦੁਰਘਟਨਾ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਸੰਭਾਵੀ ਜੰਕਸ਼ਨਾਂ ਨੂੰ ਸੁਰੱਖਿਅਤ ਬਣਾਉਣ ਲਈ ਕਿਹਾ ਹੈ।
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੋਂ ਬਾਅਦ ਐੱਨ.ਐੱਚ.ਏ.ਆਈ. ਦੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਖਰੜ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਦੇ ਨਾਲ ਸਾਂਝੇ ਤੌਰ ‘ਤੇ ਇਨ੍ਹਾਂ ਥਾਵਾਂ ਦਾ ਦੌਰਾ ਕੀਤਾ ਗਿਆ। ਸੰਯੁਕਤ ਨਿਰੀਖਣ ਟੀਮ ਨੇ ਪੰਜ ਭੀੜ ਭੜੱਕੇ ਵਾਲੇ ਜੰਕਸ਼ਨਾਂ ਦੀ ਪਛਾਣ ਕੀਤੀ ਹੈ ਜੋ ਹਫੜਾ-ਦਫੜੀ ਤੇ ਭੀੜ ਕਾਰਨ ਹਾਦਸਿਆਂ ਦਾ ਵੀ ਖਤਰਾ ਬਣਦੇ ਹਨ। ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਇਨ੍ਹਾਂ ਜੰਕਸ਼ਨਾਂ ਵਿੱਚ ਬੱਸ ਸਟੈਂਡ ਖਰੜ, ਕੇ ਐਫ ਸੀ ਕੱਟ ਅੰਡਰ ਬਿਜ, ਨਿੱਝਰ ਚੌਕ, ਸਹੋਰਾ ਕੱਟ ਅਤੇ ਬਡਾਲਾ ਚੌਕ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਦੇ ਬਿਹਤਰ ਪ੍ਰਬੰਧਨ ਅਤੇ ਹਫੜਾ-ਦਫੜੀ ਨੂੰ ਰੋਕਣ ਲਈ ਐਨ ਐੱਚ ਏ ਆਈ ਨੂੰ ਉਪਰੋਕਤ ਥਾਵਾਂ ‘ਤੇ ਤੁਰੰਤ ਪ੍ਰਭਾਵ ਨਾਲ ਟ੍ਰੈਫਿਕ (traffic jam) ਲਾਈਟਾਂ ਲਗਾਉਣ ਲਈ ਕਿਹਾ ਗਿਆ ਹੈ। ਅਥਾਰਟੀ ਵੱਲੋਂ ਇਸ ਲਈ ਟੈਂਡਰ ਲਾਉਣ ਬਾਅਦ ਠੇਕੇਦਾਰ ਨੂੰ 35.52 ਲੱਖ ਰੁਪਏ ਦਾ ਕੰਮ ਸੌਂਪਿਆ ਗਿਆ ਹੈ। ਟ੍ਰੈਫਿਕ ਲਾਈਟਾਂ ਇੰਟੈਲੀਜੈਂਟ ਕੰਟਰੋਲਰ ਸਿਸਟਮ ‘ਤੇ ਆਧਾਰਿਤ ਹੋਣਗੀਆਂ ਅਤੇ ਇਨ੍ਹਾਂ ਦੀ ਸਥਾਪਤੀ ਦਾ ਕੰਮ ਇਸ ਮਹੀਨੇ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।