Site icon TheUnmute.com

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ

National Green Tribunal

ਚੰਡੀਗੜ੍ਹ 27 ਜੁਲਾਈ 2022: ਲੁਧਿਆਣਾ ‘ਚ 15 ਅਪ੍ਰੈਲ 2022 ਦੀ ਰਾਤ ਨੂੰ ਤਾਜਪੁਰ ਰੋਡ ਦੀ ਡੰਪ ਸਾਈਟ ‘ਤੇ ਅਚਾਨਕ ਅੱਗ ਲੱਗਣ ਕਾਰਨ 7 ਵਿਅਕਤੀਆਂ ਦੀ ਝੁਲ਼ਸ ਕੇ ਮੌਤ ਹੋ ਗਈ ਸੀ | ਇਸ ਮਾਮਲੇ ‘ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੇ ਲੁਧਿਆਣਾ ਨਗਰ ਨਿਗਮ ‘ਤੇ 100 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ | ਇਸਦੇ ਨਾਲ ਹੀ ਨਗਰ ਨਿਗਮ ਨੂੰ ਇਹ ਰਕਮ ਇਕ ਮਹੀਨੇ ਤੱਕ ਜ਼ਿਲਾ ਮੈਜਿਸਟ੍ਰੇਟ ਕੋਲ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸਦੇ ਨਾਲ ਹੀ ਨਿਗਮ ਵੱਲੋਂ ਜਮ੍ਹਾਂ ਕਰਵਾਈ ਰਾਸ਼ੀ ਲਈ ਵੱਖਰਾ ਖਾਤਾ ਬਣਾਇਆ ਜਾਵੇਗਾ, ਜਿਸ ਦੀ ਨਿਗਰਾਨੀ ਕਮੇਟੀ ਕਰੇਗੀ । ਇਸ ਹਾਦਸੇ ‘ਚ ਮਾਰੇ ਗਏ ਵਿਅਕਤੀ ਕੂੜਾ ਚੁੱਕਣ ਵਾਲੇ ਸਨ ਅਤੇ ਪਿਛਲੇ 10 ਸਾਲਾਂ ਤੋਂ ਡੰਪ ਸਾਈਟ (ਢੇਰੋਂ) ਨੇੜੇ ਰਹਿ ਰਹੇ ਸਨ।ਹਾਦਸੇ ਤੋਂ ਬਾਅਦ ਐਨਜੀਟੀ ਦੀ ਟੀਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ। ਉਸ ਚੈਕਿੰਗ ਦੌਰਾਨ ਵੀ ਕਈ ਥਾਵਾਂ ’ਤੇ ਕੂੜੇ ਦੇ ਢੇਰਾਂ ’ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਤੋਂ ਬਾਅਦ ਨਿਗਮ ਅਧਿਕਾਰੀਆਂ ਦੀ ਐਨਜੀਟੀ ਟੀਮ ਨੇ ਫਟਕਾਰ ਵੀ ਲਗਾਈ ਸੀ।

ਜਿਕਰਯੋਗ ਹੈ ਕਿ ਟ੍ਰਿਬਿਊਨਲ ਨੇ 25 ਜੁਲਾਈ, 2022 ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਕਿ ਜੇਕਰ ਨਿਗਮ 100 ਕਰੋੜ ਰੁਪਏ ਦੀ ਜੁਰਮਾਨੇ ਦੀ ਰਕਮ ਜਮ੍ਹਾ ਕਰਵਾਉਣ ਵਿੱਚ ਅਸਮਰੱਥ ਹੈ ਤਾਂ ਉਸ ਨੂੰ ਸੂਬਾ ਸਰਕਾਰ ਕੋਲ ਪਹੁੰਚ ਕਰਨੀ ਚਾਹੀਦੀ ਹੈ। NGT ਦੇ ਇਸ ਫੈਸਲੇ ਤੋਂ ਬਾਅਦ ਲੁਧਿਆਣਾ ਨਗਰ ਨਿਗਮ ‘ਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਲੋਕਲ ਬਾਡੀ ਮੰਤਰੀ ਨਿੱਝਰ ਨੂੰ ਮਿਲ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਨਜੀਟੀ ਦੀ ਟੀਮ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਦਿਨ ਦੁਬਾਰਾ ਡੰਪਿੰਗ ਸਾਈਟ ਦਾ ਅਚਨਚੇਤ ਨਿਰੀਖਣ ਕਰ ਸਕਦੀ ਹੈ।

Exit mobile version