July 4, 2024 9:45 pm
Burj Sidhwan

ਪਿੰਡ ਬੁਰਜ ਸਿੱਧਵਾਂ ਵਿਖੇ ਡਾਕਟਰ ਦੇ ਕਤਲ ਦੀ ਗੁੱਥੀ ਸੁਲਝੀ, ਘਰਵਾਲੀ ਹੀ ਨਿਕਲੀ ਕਾਤਲ

ਸ੍ਰੀ ਮੁਕਤਸਰ ਸਾਹਿਬ,14 ਜੂਨ 2023: ਹਰਮਨਬੀਰ ਸਿੰਘ ਗਿੱਲ ਜ਼ਿਲ੍ਹਾ ਪੁਲਿਸ ਮੁਖੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿੰਡ ਬੁਰਜ ਸਿੱਧਵਾਂ (Burj Sidhwan) ਵਿਖੇ ਮਿਤੀ 10 ਜੂਨ ਦੀ ਦਰਮਿਆਨੀ ਰਾਤ ਨੂੰ ਡਾਕਟਰ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੁਰਜ ਸਿੱਧਵਾਂ ਦਾ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ।

ਇਸ ਸਬੰਧੀ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਵੱਲੋਂ ਥਾਣਾ ਕਬਰਵਾਲਾ ਵਿਖੇ ਸੂਚਨਾ ਦਿੱਤੀ ਗਈ ਸੀ ਕਿ ਉਸ ਦੇ ਪਤੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਸੱਟਾਂ ਮਾਰ ਕਤਲ ਕਰ ਦਿੱਤਾ ਗਿਆ ਹੈ ਅਤੇ ਉਹ ਵਿਅਕਤੀ ਕਰੀਬ 30,000 ਰੁਪਏ ਲੁੱਟ ਕੇ ਲੈ ਗਏ ਹਨ। ਇਸ ਮੁਕੱਦਮਾ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਹਰ ਪਹਿਲੂ ਤੋਂ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ।

ਜਿਸ ਦੇ ਨਤੀਜੇ ਵਜੋਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਕਤ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ, ਮੁਕੱਦਮਾ ਦੀ ਦੋਸ਼ਣ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਲ੍ਹਾ ਪੁਲਿਸ ਮੁਖੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੂੰ ਆਪਣੇ ਪਤੀ ਦੇ ਚਰਿੱਤਰ ‘ਤੇ ਸ਼ੱਕ ਸੀ, ਜਿਸ ਕਰਕੇ ਉਸ ਨੇ ਆਪਣੇ ਪਤੀ ਸੁਖਵਿੰਦਰ ਸਿੰਘ ਦੇ ਸੁੱਤੇ ਪਏ ਦੇ ਸਿਰ ਵਿੱਚ ਲੋਹੇ ਦੀ ਹਥੌੜੀ ਨਾਲ ਦੋ ਵਾਰ ਕਰਕੇ, ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਝੂਠੀ ਕਹਾਣੀ ਬਣਾ ਕੇ ਉਕਤ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। ਪੁਲਿਸ ਮੁਤਾਬਕ ਡਾਕਟਰ ਸੁਖਵਿੰਦਰ ਸਿੰਘ ਦਾ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਸਨ, ਜਿਸਦੇ ਚੱਲਦੇ ਦੋਵੇਂ ਵਿੱਚ ਕਲੇਸ਼ ਰਹਿੰਦਾ ਸੀ | ਤਫਤੀਸ਼ ਦੌਰਾਨ ਪੁਲਿਸ ਵੱਲੋਂ ਦੋਸ਼ਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਮੁਕੱਦਮਾਂ ਦੀ ਦੋਸਣ ਪਰਮਿੰਦਰ ਕੌਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਤਫਤੀਸ਼ ਪੁੱਛਗਿੱਛ ਕੀਤੀ ਜਾਵੇਗਾ।