ਮੋਹਾਲੀ 15 ਮਈ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਟਰੈਫਿਕ ਨਿਯਮਾਂ (Traffic Rules) ਦੀ ਉਲੰਘਣਾ ਕਾਰਨ ਪੰਜਾਬ ਵਿੱਚ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਲਈ ਚੰਡੀਗੜ੍ਹ ਦੀ ਤਰਜ਼ ’ਤੇ ਮੁੱਖ ਮਾਰਗਾਂ ’ਤੇ ਬਹੁਤ ਜਲਦੀ ਸੀਸੀਟੀਵੀ ਕੈਮਰੇ ਲਾਏ ਜਾਣਗੇ, ਇਸ ਸਬੰਧੀ ਪਾਇਲਟ ਪ੍ਰਾਜੈਕਟ ਵਜੋਂ ਮੋਹਾਲੀ ਜ਼ਿਲ੍ਹੇ ਵਿੱਚ ਸੀ.ਸੀ.ਟੀ.ਵੀ. ਚੁਣਿਆ ਗਿਆ ਹੈ। ਸੀਸੀਟੀਵੀ ਕੈਮਰੇ ਲਗਾਉਣ ਦਾ ਮਕਸਦ ਇਹ ਹੈ ਕਿ ਟ੍ਰੈਫਿਕ ਦੀ ਨਿਗਰਾਨੀ ਸਹੀ ਢੰਗ ਨਾਲ ਕੀਤੀ ਜਾ ਸਕੇ ਪਰ ਇਸ ਦੇ ਨਾਲ ਆਨਲਾਈਨ ਚਲਾਨ ਵੀ ਕੀਤੇ ਜਾਣਗੇ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸੋਮਵਾਰ ਨੂੰ ਮੋਹਾਲੀ ਵਿਖੇ ਸੜਕ ਸੁਰੱਖਿਆ ਸਪਤਾਹ ਮਨਾਏ ਜਾ ਰਹੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਗੱਲਬਾਤ ਦੌਰਾਨ ਲਾਲਜੀਤ ਭੁੱਲਰ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ (Traffic Rules) ਦੀ ਉਲੰਘਣਾ ਕਰਕੇ ਹੀ ਹਾਦਸੇ ਵਾਪਰਦੇ ਹਨ, ਪੰਜਾਬ ਸੜਕ ਹਾਦਸਿਆਂ ‘ਚ ਰੋਜ਼ਾਨਾ 13 ਤੋਂ 14 ਲੋਕ ਆਪਣੀ ਜਾਨ ਗੁਆ ਰਹੇ ਹਨ, ਪਰ ਕਈ ਸਰੀਰਕ ਪੱਖੋਂ ਨਕਾਰਾ ਹੋ ਜਾਂਦੇ ਹਨ, ਜਿਨ੍ਹਾਂ ਨੂੰ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਹੁੰਦਾ ਹੈ, ਉਹ ਖੁਦ ਆਪਣੇ ਮਾਤਾ-ਪਿਤਾ ਦੇ ਸਹਾਰੇ ‘ਤੇ ਨਿਰਭਰ ਹੋ ਜਾਂਦੇ ਹਨ । ਇਸ ਲਈ ਸੜਕ ਹਾਦਸਿਆਂ ਨੂੰ ਰੋਕਣ ਦਾ ਸਭ ਤੋਂ ਕਾਰਗਰ ਤਰੀਕਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹੈ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਚੰਗੇ ਕੰਮ ਕਰ ਰਹੀ ਹੈ, ਜਲੰਧਰ ਜਿਮਨੀ ਚੋਣ ਵਿੱਚ ‘ਆਪ’ ਦੀ ਜਿੱਤ ਸਰਕਾਰ ਦੇ ਕੰਮਾਂ ‘ਤੇ ਮੋਹਰ ਹੈ। ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਪਟਿਆਲਾ ਘਟਨਾ ਸਬੰਧੀ ਕਿਹਾ ਕਿ ਕਾਨੂੰਨ ਤੋੜਨ ਅਤੇ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਪੰਜਾਬ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ।