ਚੰਡੀਗੜ, 23 ਜਨਵਰੀ 2023: ਭਾਰਤੀ ਕੁਸ਼ਤੀ ਮਹਾਸੰਘ (WFI) ਅਤੇ ਇਸ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਪਹਿਲਵਾਨਾਂ ਦੀ ਹੜਤਾਲ ਤੋਂ ਬਾਅਦ ਖੇਡ ਮੰਤਰਾਲੇ ਨੇ ਇੱਕ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਕੁਸ਼ਤੀ ਫੈਡਰੇਸ਼ਨ ਦਾ ਕੰਮਕਾਜ ਦੇਖੇਗੀ। ਇਸ ਦੀ ਮੁਖੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀਕਾਮ (Mary Kom) ਹੋਵੇਗੀ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ WFI ਪ੍ਰਧਾਨ ਆਪਣੇ ਅਹੁਦੇ ‘ਤੇ ਕੰਮ ਨਹੀਂ ਕਰਨਗੇ। ਅਸੀਂ ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ, ਦ੍ਰੋਣਾਚਾਰੀਆ ਪੁਰਸਕਾਰ ਜੇਤੂ ਤ੍ਰਿਪਤੀ ਮੁਰਗੁੰਡੇ, TOPS CEO ਰਾਜਗੋਪਾਲਨ, ਰਾਧਾ ਸ਼੍ਰੀਮਨ ਨੂੰ ਇਸਦੇ ਮੈਂਬਰਾਂ ਦੇ ਰੂਪ ਵਿੱਚ ਵਿਸ਼ਵ ਚੈਂਪੀਅਨ ਮੈਰੀਕਾਮ ਦੀ ਅਗਵਾਈ ਵਿੱਚ ਇੱਕ ਨਿਗਰਾਨੀ ਕਮੇਟੀ ਬਣਾ ਰਹੇ ਹਾਂ।
ਇਸ ਤੋਂ ਪਹਿਲਾਂ ਮੈਰੀਕਾਮ (Mary Kom) ਨੂੰ ਭਾਰਤੀ ਓਲੰਪਿਕ ਸੰਘ (IOA) ਨੇ ਵੀ ਆਪਣੀ ਜਾਂਚ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਸੀ। ਆਈਓਏ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਆਈਓਏ ਦੇ ਅਧਿਕਾਰੀਆਂ ਨੇ ਪਹਿਲਵਾਨਾਂ ਦੇ ਦੋਸ਼ਾਂ ਨੂੰ ਗੰਭੀਰ ਮੰਨਦਿਆਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ ਮੈਰੀਕਾਮ ਨੂੰ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ।
ਕੀ ਹੈ ਪੂਰਾ ਮਾਮਲਾ?
ਬੁੱਧਵਾਰ ਨੂੰ 30 ਤੋਂ ਵੱਧ ਭਾਰਤੀ ਪਹਿਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਧਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ‘ਤੇ ਕਈ ਗੰਭੀਰ ਦੋਸ਼ ਲਗਾਏ। ਹਾਲਾਂਕਿ ਬ੍ਰਿਜ ਭੂਸ਼ਣ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਅਤੇ ਪਹਿਲਵਾਨਾਂ ‘ਤੇ ਦੋਸ਼ ਲਗਾਇਆ। ਬ੍ਰਿਜ ਭੂਸ਼ਣ ਦੇ ਦੋਸ਼ਾਂ ਦਾ ਪਹਿਲਵਾਨਾਂ ‘ਤੇ ਕੋਈ ਅਸਰ ਨਹੀਂ ਹੋਇਆ ਅਤੇ ਵਿਰੋਧ ਜਾਰੀ ਰਿਹਾ।
ਇਸ ਦੌਰਾਨ ਖੇਡ ਮੰਤਰਾਲੇ ਅਤੇ ਕੁਸ਼ਤੀ ਫੈਡਰੇਸ਼ਨ ਨੇ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਪਹਿਲਵਾਨ ਆਪਣੀ ਮੰਗ ‘ਤੇ ਅੜੇ ਰਹੇ। ਅੰਤ ਵਿੱਚ ਪਹਿਲਵਾਨਾਂ ਦੇ ਸਾਹਮਣੇ ਬ੍ਰਿਜਭੂਸ਼ਣ ਦਾ ਪਲੜਾ ਕਮਜ਼ੋਰ ਹੋ ਗਿਆ ਅਤੇ ਉਸ ਨੂੰ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਥਾਈ ਤੌਰ ‘ਤੇ ਹਟਾ ਦਿੱਤਾ ਗਿਆ।
ਬੁੱਧਵਾਰ ਸਵੇਰੇ ਸ਼ੁਰੂ ਹੋਇਆ ਇਹ ਧਰਨਾ ਤਿੰਨ ਦਿਨਾਂ ਤੱਕ ਜਾਰੀ ਰਿਹਾ।ਸ਼ੁੱਕਰਵਾਰ ਰਾਤ ਨੂੰ ਪਹਿਲਵਾਨਾਂ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਗੱਲਬਾਤ ਕੀਤੀ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਥਾਈ ਤੌਰ ‘ਤੇ ਹਟਾ ਦਿੱਤਾ ਗਿਆ ਅਤੇ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ।