ਚੰਡੀਗੜ੍ਹ, 26 ਮਈ, 2023: ਕੇਂਦਰੀ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਸੰਸਦ ਭਵਨ ਦੀ ਨਵੀਂ ਇਮਾਰਤ (New Parliament Building) ਦੇ ਉਦਘਾਟਨ ਮੌਕੇ 75 ਰੁਪਏ ਦਾ ਸਿੱਕਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਸਿੱਕੇ ‘ਤੇ ਨਵੇਂ ਸੰਸਦ ਭਵਨ ਕੰਪਲੈਕਸ ਦੀ ਤਸਵੀਰ ਛਾਪੀ ਜਾਵੇਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਕੰਪਲੈਕਸ ਦਾ ਉਦਘਾਟਨ ਕਰਨਗੇ।
ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟਿਸ ਮੁਤਾਬਕ ਇਹ 75 ਰੁਪਏ ਦਾ ਸਿੱਕਾ ਸਰਕੂਲਰ ਹੋਵੇਗਾ ਅਤੇ ਇਸ ਦਾ ਖੇਤਰਫਲ 44 ਮਿਲੀਮੀਟਰ ਹੋਵੇਗਾ। ਇਸ ਸਿੱਕੇ ਦੇ ਪਾਸਿਆਂ ‘ਤੇ 200 ਕਰਾਸ ਬਣਾਏ ਗਏ ਹਨ। ਇਹ ਸਿੱਕਾ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, 5 ਫੀਸਦੀ ਨਿਕਲ ਅਤੇ 5 ਫੀਸਦੀ ਜ਼ਿੰਕ ਨੂੰ ਮਿਲਾ ਕੇ ਬਣਾਇਆ ਜਾਵੇਗਾ।
ਸਿੱਕੇ ‘ਤੇ ਸੱਤਿਆਮੇਵ ਜਯਤੇ ਲਿਖਿਆ ਹੋਵੇਗਾ ਅਤੇ ਸਿੱਕੇ ‘ਤੇ ਅਸ਼ੋਕ ਪਿੱਲਰ ਵੀ ਉੱਕਰਿਆ ਹੋਵੇਗਾ। ਸਿੱਕੇ ਦੇ ਖੱਬੇ ਪਾਸੇ ਦੇਵਨਾਗਰੀ ਭਾਸ਼ਾ ਵਿੱਚ ਭਾਰਤ ਅਤੇ ਅੰਗਰੇਜ਼ੀ ਵਿੱਚ ਭਾਰਤ ਲਿਖਿਆ ਹੋਵੇਗਾ। ਇਸੇ ਤਰ੍ਹਾਂ ਸਿੱਕੇ ਦੇ ਉਪਰਲੇ ਪਾਸੇ ਦੇਵਨਾਗਰੀ ਭਾਸ਼ਾ ਵਿੱਚ ਸੰਸਦ ਭਵਨ ਲਿਖਿਆ ਹੋਵੇਗਾ ਅਤੇ ਇਸ ਦੇ ਨਾਲ ਹੀ ਹੇਠਾਂ ਸੰਸਦ ਭਵਨ ਕੰਪਲੈਕਸ ਦੀ ਤਸਵੀਰ ਵੀ ਛਪੀ ਹੋਵੇਗੀ। ਸਿੱਕੇ ਦਾ ਡਿਜ਼ਾਈਨ ਸੰਵਿਧਾਨ ਦੇ ਪਹਿਲੇ ਅਨੁਸੂਚੀ ਦੇ ਅਨੁਸਾਰ ਕੀਤਾ ਗਿਆ ਹੈ।