ਚੰਡੀਗੜ੍ਹ, 27 ਅਕਤੂਬਰ 2023: ਵੀਰਵਾਰ ਨੂੰ ਖਾੜੀ ਦੇਸ਼ ਕਤਰ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ। ਦਰਅਸਲ ਇੱਥੋਂ ਦੀ ਇੱਕ ਅਦਾਲਤ ਨੇ ਭਾਰਤੀ ਜਲ ਸੈਨਾ (Indian Navy) ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਭਾਰਤ ਸਰਕਾਰ ਨੇ ਵੀ ਇਸ ਫੈਸਲੇ ‘ਤੇ ਹੈਰਾਨੀ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਮੌਤ ਦੀ ਸਜ਼ਾ ਦੇ ਫੈਸਲੇ ਤੋਂ ਡੂੰਘੇ ਸਦਮੇ ਵਿੱਚ ਹਾਂ ਅਤੇ ਵਿਸਥਾਰਤ ਫੈਸਲੇ ਦੀ ਉਡੀਕ ਕਰ ਰਹੇ ਹਾਂ।
ਜਿਸ ਕੇਸ ਵਿੱਚ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹ ਇੱਕ ਸਾਲ ਪੁਰਾਣਾ ਹੈ। ਇਸ ਖ਼ਬਰ ਤੋਂ ਬਾਅਦ ਜਿੱਥੇ ਭਾਰਤ ਸਰਕਾਰ ਨੇ ਕਾਨੂੰਨੀ ਵਿਕਲਪ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ, ਉੱਥੇ ਹੀ ਦੂਜੇ ਪਾਸੇ ਸਾਬਕਾ ਮਰੀਨ ਦੇ ਪਰਿਵਾਰ ਵੀ ਮੱਦਦ ਦੀ ਪੁਕਾਰ ਕੀਤੀ ਹੈ |
ਭਾਰਤੀ ਵਿਦੇਸ਼ ਮੰਤਰਾਲੇ ਨੇ ਫੈਸਲੇ ਤੋਂ ਬਾਅਦ ਕਿਹਾ ਕਿ ਉਹ ਮੌਤ ਦੀ ਸਜ਼ਾ ਤੋਂ ਬੇਹੱਦ ਸਦਮੇ ‘ਚ ਹੈ ਅਤੇ ਫੈਸਲੇ ਦੇ ਹੋਰ ਵੇਰਵਿਆਂ ਦੀ ਉਡੀਕ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ, ‘ਅਸੀਂ ਪਰਿਵਾਰਕ ਮੈਂਬਰਾਂ ਅਤੇ ਕਾਨੂੰਨੀ ਟੀਮ ਦੇ ਸੰਪਰਕ ਵਿੱਚ ਹਾਂ। ਅਸੀਂ ਸਾਰੇ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕਰ ਰਹੇ ਹਾਂ। ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਨੂੰ ਬਹੁਤ ਮਹੱਤਵ ਦੇ ਰਿਹਾ ਹੈ ਅਤੇ ਇਸ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਸਾਰੇ ਕੌਂਸਲਰ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ। ਇਸ ਫੈਸਲੇ ਨੂੰ ਕਤਰ ਦੇ ਅਧਿਕਾਰੀਆਂ ਕੋਲ ਵੀ ਉਠਾਏਗਾ।
ਜਿਨ੍ਹਾਂ ਖ਼ਿਲਾਫ਼ ਇਹ ਫ਼ੈਸਲਾ ਲਿਆ ਗਿਆ ਹੈ, ਉਨ੍ਹਾਂ ਵਿੱਚ ਸੇਵਾਮੁਕਤ ਕਮਾਂਡਰ ਪੂਰਨੇਂਦੂ ਤਿਵਾਰੀ ਵੀ ਸ਼ਾਮਲ ਹੈ। ਪੂਰਨੇਂਦੂ ਇੱਕ ਭਾਰਤੀ ਪ੍ਰਵਾਸੀ ਹੈ ਜਿਸਨੂੰ 2019 ਵਿੱਚ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਪੂਰਨੰਦੂ ਤਿਵਾਰੀ ਨੇ ਭਾਰਤੀ ਜਲ ਸੈਨਾ (Indian Navy) ‘ਚ ਕਈ ਵੱਡੇ ਜਹਾਜ਼ਾਂ ਦੀ ਕਮਾਂਡ ਕੀਤੀ ਹੈ।
ਇਸ ਸਾਲ, 1 ਅਕਤੂਬਰ, 2023 ਨੂੰ, ਕਤਰ ਦੇ ਰਾਜਦੂਤ ਦੀਪਕ ਮਿੱਤਲ ਨੇ ਜੇਲ੍ਹ ਵਿੱਚ ਬੰਦ ਇਨ੍ਹਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮਿੱਤਲ ਨੇ ਕੌਂਸਲਰ ਪਹੁੰਚ ਮਿਲਣ ਤੋਂ ਬਾਅਦ ਇਹ ਮੁਲਾਕਾਤ ਕੀਤੀ ਸੀ। 26 ਅਕਤੂਬਰ ਨੂੰ, ਕਤਰ ਦੀ ਪਹਿਲੀ ਅਦਾਲਤ ਨੇ ਸਾਰੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ, ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਸ ‘ਤੇ ਜਾਸੂਸੀ ਦਾ ਦੋਸ਼ ਲਗਾਇਆ ਗਿਆ ਸੀ।