ਐਸ.ਏ.ਐਸ.ਨਗਰ, 23 ਦਸੰਬਰ 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ (Mohali) ਦੇ ਚੋਣ ਵਿਭਾਗ ਦੀ ਸਵੀਪ ਟੀਮ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਸਿੱਖਿਆ ਵਿਭਾਗ ਪੰਜਾਬ ਦੇ ਐਜੂਸੇਟ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਬਣਾਏ ਗਏ ਵੋਟਰ ਸਾਖਰਤਾ ਕਲੱਬਾਂ (ਇਲੈਕਟੋਰਲ ਲਿਟਰੇਸੀ ਕਲੱਬਾਂ) ਬਾਰੇ ਵਿਸਥਾਰ ਪੂਰਵਕ ਆਨਲਾਈਨ ਚਰਚਾ ਕੀਤੀ ਗਈ।
ਜਿਸ ਵਿੱਚ ਮੁੱਖ ਬੁਲਾਰੇ ਵਜੋਂ ਜ਼ਿਲ੍ਹਾ ਨੋਡਲ ਅਫਸਰ ਸਵੀਪ ਅਤੇ ਅਫ਼ਸਰ ਇੰਚਾਰਜ, ਸਿਵਲ ਇੰਜੀਨੀਅਰਿੰਗ, ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ (ਖਰੜ) ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਦੇ ਕੰਪਿਊਟਰ ਅਧਿਅਪਕਾ ਨੀਤੂ ਗੁਪਤਾ ਨੇ ਵਿਚਾਰ ਚਰਚਾ ਕੀਤੀ।
ਐਸ ਡੀ ਐਮ ਮੋਹਾਲੀ (Mohali) ਚੰਦਰਜੋਤੀ ਸਿੰਘ ਦੀ ਪਹਿਲਕਦਮੀ ਸਦਕਾ ਉਲੀਕੇ ਗਏ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰੋ. ਅਨਟਾਲ ਵੱਲੋਂ ਸਕੂਲਾਂ ਵਿਚ ਵੋਟਰ ਸਾਖਰਤਾ ਕਲੱਬਾਂ ਦੀ ਬਣਤਰ, ਮਹੱਤਤਾ ਅਤੇ ਟੀਚਿਆਂ ਉਪਰ ਵਿਸ਼ੇਸ਼ ਚਰਚਾ ਕੀਤੀ ਗਈ। ਉਹਨਾਂ ਇਹਨਾਂ ਕਲੱਬਾਂ ਦੀ ਹੌਂਦ ਲਈ ਇਤਿਹਾਸਕ ਤੱਥ ਸਾਂਝੇ ਕਰਦਿਆਂ ਦੱਸਿਆ ਕਿ ਭਾਰਤ ਵਿਚ 2011 ਦੀ ਜਨਗਨਣਾ ਮੁਤਾਬਿਕ 14-19 ਸਾਲ ਦੇ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਗਿਣਤੀ 14.2 ਕਰੋੜ ਸੀ। ਜਿਸਨੂੰ ਅਧਾਰ ਬਣਾ ਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਇਹਨਾਂ ਕਲੱਬਾਂ ਦੀ ਸਥਾਪਨਾ ਕੀਤੀ, ਤਾਂ ਜੋ ਨੌਂਵੀ ਜਮਾਤ ਤੋਂ ਬਾਰਵ੍ਹੀਂ ਜਮਾਤ ਦੇ ਵਿਦਿਆਰਥੀ (ਭਵਿੱਖ ਦੇ ਵੋਟਰ) ਲੋਕਤੰਤਰਿਕ ਪ੍ਰਕਿਰਿਆ, ਵੋਟ ਪਾਉਣ ਅਤੇ ਵੋਟ ਬਨਵਾਉਣ ਦੀ ਵਿਧੀ ਤੋਂ ਜਾਗਰੂਕ ਹੋ ਸਕਣ।
ਇਸ ਮੌਕੇ ਐਜੂਸੇਟ ਪ੍ਰੋਗਰਾਮ ਦੇ ਸਟੂਡੀਓ ਇੰਚਾਰਜ ਵਰੁਣ ਦੀਪ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ 600000 (ਛੇ ਲੱਖ) ਤੋਂ ਵਧੇਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ। ਇਸ ਪ੍ਰੋਗਰਾਮ ਦੌਰਾਨ ਈ ਵੀ ਐਮ, ਵੀਵੀਪੈਟ ਮਸ਼ੀਨ ਅਤੇ ਵੋਟਰ ਹੈਲਪਲਾਈਨ ਬਾਰੇ ਜਾਗਰੂਕਤਾ ਕਰਨ ਵਾਲੇ ਵੀਡੀਓ ਵੀ ਦਿਖਾਏ ਗਏ।